ਸਿੱਖ ਮਾਮਲਿਆਂ ਬਾਰੇ ਰਾਜਨਾਥ ਸਿੰਘ ਨੇ ਦਿਖਾਇਆ ਹਾਂ-ਪੱਖੀ ਰਵੱਈਆ : ਭੋਮਾ

Thursday, Jun 28, 2018 - 03:12 AM (IST)

ਸਿੱਖ ਮਾਮਲਿਆਂ ਬਾਰੇ ਰਾਜਨਾਥ ਸਿੰਘ ਨੇ ਦਿਖਾਇਆ ਹਾਂ-ਪੱਖੀ ਰਵੱਈਆ : ਭੋਮਾ

ਜਲੰਧਰ/ਚੰਡੀਗੜ੍ਹ (ਬੁਲੰਦ, ਭੁੱਲਰ) - ਸਿੱਖ ਮਾਮਲਿਆਂ ਬਾਰੇ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਵਲੋਂ ਪਹਿਲ ਕਰਦੇ ਹੋਏ ਪਿਛਲੇ ਦਿਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਭੋਮਾ ਪ੍ਰਧਾਨ ਏ. ਆਈ. ਐੱਸ. ਐੱਸ. ਐੱਫ. ਨੇ ਦੱਸਿਆ ਕਿ ਉਨ੍ਹਾਂ ਨਾਲ ਰਾਜਨਾਥ ਨੂੰ ਮਿਲਣ ਭਾਜਪਾ ਆਗੂ ਹੰਸ ਰਾਜ ਹੰਸ ਵੀ ਗਏ ਸਨ।
ਇਸ ਮੌਕੇ ਉਥੇ ਮੌਜੂਦ ਰਾਸ਼ਟਰੀ ਪੰਥ ਸੰਗਤ ਦੇ ਨੇਤਾਵਾਂ ਨੇ ਵੀ ਉਨ੍ਹਾਂ ਵਲੋਂ ਉਠਾਏ ਗਏ ਮੁੱਦਿਆਂ ਦੀ ਹਮਾਇਤ ਕੀਤੀ। ਭੋਮਾ ਨੇ ਦੱਸਿਆ ਕਿ ਇਸ ਮੌਕੇ ਰਾਜਨਾਥ ਸਿੰਘ ਨੇ ਸਿੱਖਾਂ ਨਾਲ ਜੁੜੀਆਂ ਸਾਰੀਆਂ ਮੰਗਾਂ ਨੂੰ ਖੁਦ ਆਪਣੀ ਡਾਇਰੀ ਵਿਚ ਨੋਟ ਕੀਤਾ ਅਤੇ ਕਿਹਾ ਕਿ ਉਹ ਇਸ ਮਾਮਲੇ ਵਿਚ ਗੰਭੀਰਤਾ ਨਾਲ ਕਾਰਵਾਈ ਕਰਵਾਉਣਗੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜੋਧਪੁਰ ਦੇ ਨਜ਼ਰਬੰਦ ਰਹੇ ਸਿੱਖਾਂ ਨੂੰ ਮੁਆਵਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਨੂੰ ਦੁਬਾਰਾ ਫਾਈਲ ਬਣਾ ਕੇ ਕੇਂਦਰ ਸਰਕਾਰ ਕੋਲ ਭੇਜਣੀ ਪਵੇਗੀ। ਉਨ੍ਹਾਂ ਨੇ 40 ਸਿੱਖਾਂ ਨੂੰ ਤੁਰੰਤ ਮੁਆਵਜ਼ਾ ਰਿਲੀਜ਼ ਕਰਨ ਦਾ ਭਰੋਸਾ ਦਿਵਾਇਆ।
ਭੋਮਾ ਨੇ ਕਿਹਾ ਕਿ ਇਸੇ ਤਰ੍ਹਾਂ ਸ਼ਿਲਾਂਗ ਦੇ ਸਿੱਖਾਂ ਦੇ ਮਾਮਲੇ ਨੂੰ ਹੱਲ ਕਰਵਾਉਣ ਲਈ ਉਥੇ ਉੱਚ ਅਧਿਕਾਰੀਆਂ ਨੂੰ ਭੇਜਣ ਦੀ ਗੱਲ ਕਹੀ। ਇਸੇ ਤਰ੍ਹਾਂ ਆਪਣੀ ਸਜ਼ਾਵਾਂ ਕੱਟ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਵੀ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਬਾਰੇ ਪ੍ਰਕਿਰਿਆ ਜਾਰੀ ਹੈ। ਬਲੈਕ ਸੂਚੀ ਵਿਚੋਂ ਸਿੱਖਾਂ ਦੇ ਨਾਂ ਹਟਾਉਣ ਦੇ ਮਾਮਲੇ ਵਿਚ ਰਾਜਨਾਥ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੱਖਿਆ ਮੰਤਰਾਲਾ ਕੋਲ ਪਈ ਦਰਬਾਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਤੋਸ਼ਾਖਾਨਾ ਦੀਆਂ ਵਸਤੂਆਂ ਸਿੱਖਾਂ ਨੂੰ ਮੋੜਨ ਬਾਰੇ ਕੇਂਦਰੀ ਮੰਤਰੀ ਨੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਬਜੀਤ ਸਿੰਘ ਜੰਮੂ ਵੀ ਮੌਜੂਦ ਸਨ।


Related News