ਸਵਾਮੀ ਕ੍ਰਿਸ਼ਨਾਨੰਦ ਨੇ ਰਾਸ਼ਟਰਪਤੀ ਨਾਲ ਮਿਲ ਕੇ ਦੇਸ਼ ''ਚ ਗਊ ਧਨ ਬਚਾਉਣ ਤੇ ਗਊ ਹੱਤਿਆ ਦਾ ਕਲੰਕ ਮਿਟਾਉਣ ਦੀ ਅਪੀਲ ਕੀਤੀ

09/16/2017 7:07:41 AM

ਜਲੰਧਰ - ਗਊ ਸੇਵਾ ਮਿਸ਼ਨ ਦੇ ਕੌਮੀ ਪ੍ਰਧਾਨ ਸਵਾਮੀ ਕ੍ਰਿਸ਼ਨਾਨੰਦ ਅਤੇ ਪੰਜਾਬ ਗਊਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਨੇ ਦਿੱਲੀ ਵਿਚ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕਰਕੇ ਦੇਸ਼ ਵਿਚ ਲਾਵਾਰਿਸ ਗਊ ਧਨ ਨੂੰ ਬਚਾਉਣ ਅਤੇ ਗਊ ਹੱਤਿਆ ਦਾ ਕਲੰਕ ਮਿਟਾਉਣ ਦੀ ਗੁਹਾਰ ਲਾਈ ਹੈ। ਉਨ੍ਹਾਂ ਨਾਲ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਦੁਰਗੇਸ਼ ਸ਼ਰਮਾ ਤੇ ਹੋਰ ਅਹੁਦਾ ਅਧਿਕਾਰੀ ਵੀ ਸਨ। ਸਵਾਮੀ ਕ੍ਰਿਸ਼ਨਾਨੰਦ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿਚ ਲਾਵਾਰਿਸ ਗਊ ਧਨ ਨੂੰ ਲੈ ਕੇ ਮਿਸ਼ਨ ਚਲਾਇਆ ਹੋਇਆ ਹੈ। ਪੰਜਾਬ ਵਿਚ 1.10 ਲੱਖ ਲਾਵਾਰਿਸ ਗਊ ਧਨ ਹਨ। ਉਨ੍ਹਾਂ ਕਿਹਾ ਕਿ ਲਾਵਾਰਿਸ ਗਊ ਧਨ ਦਾ ਸਹੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਸੂਬਿਆਂ ਵਿਚ ਵੀ ਸੜਕਾਂ 'ਤੇ ਲਾਵਾਰਿਸ ਗਊ ਧਨ ਨੂੰ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਸੂਬੇ ਵਿਚ 472 ਗਊਸ਼ਾਲਾਵਾਂ ਹਨ, ਜਿਨ੍ਹਾਂ ਨੂੰ ਸਾਬਕਾ ਸਰਕਾਰ ਨੇ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਮੌਜੂਦਾ ਸਰਕਾਰ ਨੂੰ ਮੁਫਤ ਬਿਜਲੀ ਦੀ ਸਹੂਲਤ ਨੂੰ ਜਾਰੀ ਰੱਖਣ ਦੀ ਗੁਹਾਰ ਲਾਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਿਲਹਾਲ ਵਿਦੇਸ਼ ਵਿਚ ਹਨ ਅਤੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਜਦੋਂ ਉਹ ਉਨ੍ਹਾਂ ਨਾਲ ਮੁਲਾਕਾਤ ਕਰਨ ਆਉਣਗੇ ਤਾਂ ਉਨ੍ਹਾਂ ਦੇ ਸਾਹਮਣੇ ਗਊਸ਼ਾਲਾਵਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨੂੰ ਬਹਾਲ ਕਰਨ ਦਾ ਮਾਮਲਾ ਉਠਾਇਆ ਜਾਵੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਜਦੋਂ ਰਾਸ਼ਟਰਪਤੀ ਨਹੀਂ ਬਣੇ ਸਨ ਤਾਂ ਉਹ ਸਵਾਮੀ ਕ੍ਰਿਸ਼ਨਾਨੰਦ ਦੇ ਚਾਂਦਪੁਰ ਰੁੜਕੀ ਸਥਿਤ ਆਸ਼ਰਮ ਵਿਚ ਰੁਕੇ ਸਨ। ਉਨ੍ਹਾਂ ਕਿਹਾ ਕਿ ਹੁਣ ਵੀ ਉਨ੍ਹਾਂ ਨੇ ਰਾਸ਼ਟਰਪਤੀ ਕੋਵਿੰਦ ਨੂੰ ਪੰਜਾਬ ਆਉਣ ਦੀ ਗੁਹਾਰ ਲਗਾਈ ਹੈ, ਜੋ ਉਨ੍ਹਾਂ ਨੇ ਸਵੀਕਾਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਕਿਹਾ ਕਿ ਉਹ ਛੇਤੀ ਹੀ ਪੰਜਾਬ ਦਾ ਦੌਰਾ ਕਰਨਗੇ।
ਸਵਾਮੀ ਕ੍ਰਿਸ਼ਨਾਨੰਦ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਗਊ ਭਗਤਾਂ ਦਾ ਸੰਮੇਲਨ ਚਾਂਦਪੁਰ ਰੁੜਕੀ ਵਿਚ ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਵਿਚ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਇਹ ਭਰੋਸਾ ਦਿੱਤਾ ਹੈ ਕਿ ਉਹ ਸੂਬਾ ਸਰਕਾਰ ਤੋਂ ਇਹ ਪੁੱਛਣਗੇ ਕਿ ਗਊਸ਼ਾਲਾਵਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਕੀ ਸਥਿਤੀ ਹੈ। ਰਾਸ਼ਟਰਪਤੀ ਨੇ ਇਸ ਮੌਕੇ ਸਵਾਮੀ ਕ੍ਰਿਸ਼ਨਾਨੰਦ ਵਲੋਂ ਗਊਸ਼ਾਲਾਵਾਂ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਦੀ ਤਾਰੀਫ ਕੀਤੀ। ਇਸ ਮੌਕੇ ਤਲਵਿੰਦਰ ਸੋਨੂੰ ਅਤੇ ਬਲਜਿੰਦਰ ਅਰੋੜਾ ਵੀ ਮੌਜੂਦ ਸਨ।


Related News