ਇੰਦਰਬੀਰ ਬੁਲਾਰੀਆ ਅਤੇ ਮੈਡਮ ਸਿੱਧੂ ''ਚ ਗੁਪਤ ਮੀਟਿੰਗ!

07/23/2016 12:59:11 PM

ਅੰਮ੍ਰਿਤਸਰ (ਇੰਦਰਜੀਤ) : ਸ਼ੁੱਕਰਵਾਰ ਦੀ ਬਾਅਦ ਦੁਪਹਿਰ ਰਾਜਨੀਤੀ ਦੇ ਬਦਲਦੇ ਘਟਨਾਕ੍ਰਮ ਵਿਚ ਅਕਾਲੀ ਦਲ ਤੋਂ ਬਾਹਰ ਹੋਏ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਭਾਜਪਾ ਨੂੰ ਅਲਵਿਦਾ ਕਹਿ ਚੁੱਕੀ ਸੀ. ਪੀ. ਐੱਸ. ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਦੇ ਭਗਤਾਂਵਾਲਾ ਗੇਟ ਦੇ ਨਜ਼ਦੀਕ ਇਕ ਸਕੂਲ ਵਿਚ ਮੁਲਾਕਾਤ ਕੀਤੀ। ਹਾਲਾਂਕਿ ਇਸ ਮੀਟਿੰਗ ਦੀ ਨਾ ਤਾਂ ਕਿਸੇ ਨੂੰ ਜਾਣਕਾਰੀ ਸੀ ਅਤੇ ਨਾ ਹੀ ਕਿਸੇ ਨੂੰ ਬੁਲਾਇਆ ਗਿਆ ਸੀ। ਪੂਰੀ ਗੁਪਤ ਰੱਖੀ ਗਈ ਇਸ ਮੀਟਿੰਗ ਬਾਰੇ ਕੁੱਝ ਇਕ ਮੀਡੀਆ ਕਰਮਚਾਰੀਆਂ ਨੂੰ ਭਿਣਕ ਲੱਗ ਗਈ। 
ਇਸ ''ਤੇ ਕੁੱਝ ਲੋਕਾਂ ਨੇ ਸਕੂਲ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਸਕੂਲ ਦੇ ਬਾਹਰ ਵੀ. ਆਈ. ਪੀ. ਵਾਹਨ ਵੇਖ ਕੇ ਮੀਡੀਆ ਦਾ ਸ਼ੱਕ ਹੋਰ ਵੀ ਡੂੰਘਾ ਹੋ ਗਿਆ। ਇਸ ''ਤੇ ਜਦੋਂ ਕੁੱਝ ਲੋਕਾਂ ਨੇ ਮੁੜ ਸਕੂਲ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਬੁਲਾਰੀਆ ਬਾਹਰ ਆ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਰਾਜਨੀਤਕ ਮੀਟਿੰਗ ਨਹੀਂ ਹੈ, ਜਦੋਂਕਿ ਇਹ ਇਕ ਬੱਚੇ ਦੇ ਜਨਮ ਦਿਨ ਦਾ ਫੰਕਸ਼ਨ ਸੀ, ਜਿਸ ਵਿਚ ਮੈਡਮ ਸਿੱਧੂ ਨੂੰ ਵੀ ਸੱਦਿਆ ਗਿਆ ਸੀ। 
ਹਾਲਾਂਕਿ ਇਸ ਨੂੰ ਕਿਸੇ ਮੀਟਿੰਗ ਦਾ ਨਾਮ ਤਾਂ ਨਹੀਂ ਦਿੱਤਾ ਗਿਆ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਿਚ ਸਿਆਸੀ ਜੋੜ-ਤੋੜ ਦੀ ਪ੍ਰਬਲ ਸੰਭਾਵਨਾ ਹੈ, ਕਿਉਂਕਿ ਬੁਲਾਰੀਆ ਦੇ ਅਕਾਲੀ ਦਲ ਤੋਂ ਬਾਹਰ ਹੋਣ ਦੇ ਬਾਅਦ ਕਾਂਗਰਸ ਵਿਚ ਜਾਣ ਦੇ ਜ਼ਿਆਦਾ ਲੱਛਣ ਵਿਖਾਈ ਦਿੰਦੇ ਸਨ, ਜਦੋਂ ਕਿ ਦੂਜੇ ਪਾਸੇ ਸਿੱਧੂ ਜੋੜੇ ਦੇ ਆਮ ਆਦਮੀ ਪਾਰਟੀ ਵਿਚ ਜਾਣ ਦਾ ਪ੍ਰੋਗਰਾਮ ਸੀ ਪਰ ਹੁਣ ਇਸ ਮੀਟਿੰਗ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬੁਲਾਰੀਆ ਅਤੇ ਸਿੱਧੂ ਗਰੁਪ ਦੋਵੇਂ ਇਕ ਹੀ ਪਾਰਟੀ ਵੱਲ ਕੂਚ ਕਰਨਗੇ।

Babita Marhas

News Editor

Related News