ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਤੀਜੀ ਬੈਠਕ ਵੀ ਰਹੀ ਬੇਸਿੱਟਾ, ਐਤਵਾਰ ਨੂੰ ਫਿਰ ਹੋਵੇਗੀ ਮੀਟਿੰਗ
Friday, Feb 16, 2024 - 02:25 AM (IST)
ਚੰਡੀਗੜ੍ਹ- ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਕਰੀਬ 6 ਘੰਟੇ ਤੱਕ ਚੱਲੀ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਦੀ ਮੀਟਿੰਗ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਕਿਸਾਨਾਂ ਅਤੇ ਕੇਂਦਰ ਵਿਚਾਲੇ ਐੱਮ.ਐੱਸ.ਪੀ. ਗਾਰੰਟੀ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ।
ਜਾਣਕਾਰੀ ਮੁਤਾਬਕ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਵਧੀਆ ਮਾਹੌਲ 'ਚ ਹੋਈ ਹੈ। ਇਸ ਦੌਰਾਨ ਕਿਸਾਨ ਲਗਾਤਾਰ ਐੱਮ.ਐੱਸ.ਪੀ. ਦੀ ਗਾਰੰਟੀ ਦੀ ਮੰਗ 'ਤੇ ਅੜੇ ਹੋਏ ਸਨ, ਪਰੰਤੂ ਕਿਸਾਨ ਸੰਗਠਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਹਾਲਾਂਕਿ ਕਿਸਾਨ ਆਗੂਆਂ ਮੁਤਾਬਕ ਇਹ ਮੀਟਿੰਗ ਵਧੀਆ ਮਾਹੌਲ 'ਚ ਹੋਈ ਹੈ ਤੇ ਕੇਂਦਰੀ ਮੰਤਰੀਆਂ ਨੇ ਐਤਵਾਰ ਨੂੰ ਇਸ ਬਾਰੇ ਵਧੀਆ ਤੇ ਵਿਸਥਾਰਪੂਰਵਕ ਚਰਚਾ ਕਰਨ ਦਾ ਵੀ ਭਰੋਸਾ ਦਿਵਾਇਆ ਹੈ। ਹੁਣ ਕਿਸਾਨਾਂ ਤੇ ਕੇਂਦਰ ਵਿਚਾਲੇ ਚੌਥੇ ਗੇੜ ਦੀ ਬੈਠਕ ਐਤਵਾਰ 18 ਜਨਵਰੀ ਨੂੰ ਸੱਦੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ 'ਚ 17 ਕਿਸਾਨ ਆਗੂਆਂ ਤੋਂ ਇਲਾਵਾ ਦਿੱਲੀ ਤੋਂ ਕੇਂਦਰੀ ਮੰਤਰੀ ਪੀਯੁਸ਼ ਗੋਇਲ, ਅਰਜੁਨ ਮੁੰਡਾ ਤੇ ਨਿਤਿਆਨੰਦ ਰਾਏ ਸ਼ਾਮਲ ਹੋਣ ਲਈ ਚੰਡੀਗੜ੍ਹ ਆਏ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਕਿਸਾਨਾਂ ਦਾ ਪੱਖ ਰੱਖਣ ਲਈ ਮੀਟਿੰਗ 'ਚ ਮੌਜੂਦ ਸਨ।