MP ਮੀਤ ਹੇਅਰ ਨੇ ਸੰਸਦ ’ਚ ਚੁੱਕਿਆ ਪੰਜਾਬ ਦੇ ਖਿਡਾਰੀਆਂ ਨਾਲ ਹੋ ਰਹੇ ਵਿਤਕਰੇ ਦਾ ਮੁੱਦਾ

Monday, Dec 16, 2024 - 07:44 PM (IST)

ਚੰਡੀਗੜ੍ਹ (ਅੰਕੁਰ) : ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ’ਚ ‘ਖੇਲੋ ਇੰਡੀਆ’ ਸਕੀਮ ਤਹਿਤ ਪੰਜਾਬ ਨੂੰ ਦਿੱਤੇ ਗਏ ਖੇਡ ਫੰਡਾਂ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ’ਤੇ ਪੰਜਾਬ ਦੇ ਖਿਡਾਰੀਆਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ। 

ਉਨ੍ਹਾਂ ਕਿਹਾ ਕਿ ਦੇਸ਼ ਦੇ ਕੁੱਲ ਮੈਡਲਾਂ ’ਚ ਪੰਜਾਬ ਦੇ ਖਿਡਾਰੀਆਂ ਦਾ ਸਭ ਤੋਂ ਵੱਧ 20 ਫ਼ੀਸਦੀ ਯੋਗਦਾਨ ਹੈ। ਓਲੰਪਿਕ ਤੋਂ ਲੈ ਕੇ ਸਾਰੀਆਂ ਅੰਤਰਰਾਸ਼ਟਰੀ ਖੇਡਾਂ ਤੱਕ ਹਰ ਖੇਡ ਤੇ ਹਰ ਸਾਲ ਪੰਜਾਬ ਦੇ ਖਿਡਾਰੀ ਦੇਸ਼ ਲਈ ਤਗਮੇ ਜਿੱਤਦੇ ਹਨ ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਖੇਡ ਫੰਡ ਦਿੱਤੇ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਖੇਡਾਂ ਦੇ ਮਾਮਲੇ ’ਚ ਪੰਜਾਬ ਦਾ ਬਹੁਤ ਹੀ ਮਾਣਮੱਤਾ ਇਤਿਹਾਸ ਰਿਹਾ ਹੈ। ਪੰਜਾਬ ਨੇ ਦੇਸ਼ ਨੂੰ ਲਗਭਗ ਹਰ ਅੰਤਰਰਾਸ਼ਟਰੀ ਖੇਡ ’ਚ ਮਹਾਨ ਖਿਡਾਰੀ ਦਿੱਤੇ, ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ 'ਖੇਲੋ ਇੰਡੀਆ' ਸਕੀਮ ਤਹਿਤ ਰਾਜਾਂ ਨੂੰ ਜਾਰੀ ਕੀਤੇ ਫੰਡਾਂ ’ਚ ਪੰਜਾਬ ਪਹਿਲੇ 10 ਨੰਬਰਾਂ ’ਚ ਵੀ ਨਹੀਂ ਆਉਂਦਾ। 

ਉਨ੍ਹਾਂ ਦੱਸਿਆ ਕਿ ਪਿਛਲੀਆਂ ਓਲੰਪਿਕ ਖੇਡਾਂ ’ਚ ਵੀ ਪੰਜਾਬ ਤੋਂ 20 ਖਿਡਾਰੀ ਗਏ ਸਨ ਜਦਕਿ ਹਾਕੀ ਟੀਮ ਦੇ 10 ਖਿਡਾਰੀ ਪੰਜਾਬ ਦੇ ਸਨ ਤੇ ਉਹ ਹਾਕੀ ’ਚ ਭਾਰਤ ਲਈ ਤਗਮੇ ਲੈ ਕੇ ਆਏ ਸਨ। ਇਸੇ ਤਰ੍ਹਾਂ ਏਸ਼ੀਆਈ ਖੇਡਾਂ ’ਚ ਲਗਭਗ 661 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ’ਚੋਂ 58 ਖਿਡਾਰੀ ਪੰਜਾਬ ਦੇ ਸਨ। ਇਸ ’ਚੋਂ ਉਹ 20 ਮੈਡਲ ਲੈ ਕੇ ਆਏ, ਜੋ ਕੁੱਲ ਮੈਡਲਾਂ ਦਾ 20 ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਪੰਜਾਬ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ 2 ਫ਼ੀਸਦੀ ਹੈ ਪਰ ਮੈਡਲ 20 ਫ਼ੀਸਦੀ ਹੈ। 

ਇਹ ਵੀ ਪੜ੍ਹੋ- ਕੱਲ੍ਹ ਲੱਗਿਆ 'ਛੁਆਰਾ', ਅੱਜ ਖੜ੍ਹੇ ਪੈਰ ਵਿਆਹ ਤੋਂ ਮੁਕਰ ਗਈ ਲਾੜੀ, ਖ਼ਾਲੀ ਹੱਥ ਮੁੜੀ ਬਰਾਤ

ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਕਿ ਕੇਂਦਰ ਸਰਕਾਰ ਬਿਨਾਂ ਮੈਡਲ ਵਾਲੇ ਰਾਜਾਂ ਉੱਤਰ ਪ੍ਰਦੇਸ਼ ਤੇ ਗੁਜਰਾਤ ਨੂੰ 400 ਕਰੋੜ ਰੁਪਏ ਦੇ ਰਹੀ ਹੈ। ਸਾਡੀ ਮੰਗ ਹੈ ਕਿ 'ਖੇਲੋ ਇੰਡੀਆ' ਸਕੀਮ ਤਹਿਤ ਪੰਜਾਬ ਨੂੰ ਉਸ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਫੰਡ ਦਿੱਤੇ ਜਾਣ ਤਾਂ ਜੋ ਸਾਡੇ ਖਿਡਾਰੀ ਬਿਹਤਰ ਪ੍ਰਦਰਸ਼ਨ ਕਰ ਕੇ ਦੇਸ਼ ਲਈ ਹੋਰ ਤਗਮੇ ਲਿਆ ਸਕਣ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਫੰਡ ਅਲਾਟਮੈਂਟ ਲਈ ਨਿਰਪੱਖ ਤਰੀਕਾ ਅਪਣਾਉਣ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ- ਅਰਬ 'ਚ ਫ਼ਸੀਆਂ ਪੰਜਾਬ ਦੀਆਂ 7 ਧੀਆਂ ਦੀ ਹੋਈ ਘਰ ਵਾਪਸੀ, ਕੀਤੇ ਰੂਹ ਕੰਬਾਊ ਖ਼ੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News