ਬਲੈਕਆਊਟ ਮੌਕ ਡਰਿੱਲ ਦੌਰਾਨ ਵੀ ਰੌਸ਼ਨ ਰਹੇ ਬਜ਼ਾਰ, ਸੜਕਾਂ ’ਤੇ ਆਮ ਵਾਂਗ ਦੌੜਦੇ ਰਹੇ ਵਾਹਨ
Saturday, Nov 28, 2026 - 01:23 PM (IST)
ਚੰਡੀਗੜ੍ਹ (ਮਨਪ੍ਰੀਤ) : ਸ਼ਹਿਰ ’ਚ ਸ਼ੁੱਕਰਵਾਰ ਸ਼ਾਮ ਸਿਵਲ ਡਿਫੈਂਸ ਵੱਲੋਂ ਕਰਵਾਈ ਗਈ ਬਲੈਕਆਊਟ ਮੌਕ ਡਰਿੱਲ ਦਾ ਅਸਰ ਜ਼ਮੀਨੀ ਪੱਧਰ ’ਤੇ ਬੇਅਸਰ ਨਜ਼ਰ ਆਇਆ। ਸ਼ਾਮ 7 ਵਜੇ ਏਅਰ ਰੇਡ ਚਿਤਾਵਨੀ ਵਾਲੇ ਸਾਇਰਨ ਵੱਜਣ ਨਾਲ ਅਭਿਆਸ ਦੀ ਸ਼ੁਰੂਆਤ ਤਾਂ ਹੋ ਗਈ ਪਰ ਸ਼ਹਿਰ ਦੇ ਬਾਜ਼ਾਰ ਪਹਿਲਾਂ ਵਾਂਗ ਰੌਸ਼ਨ ਰਹੇ। ਕਈ ਇਲਾਕਿਆਂ ’ਚ ਦੁਕਾਨਾਂ ਦੀਆਂ ਲਾਈਟਾਂ ਅਤੇ ਸਟਰੀਟ ਲਾਈਟਾਂ ਜਗਦੀਆਂ ਰਹੀਆਂ, ਜਦੋਂ ਕਿ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਤੇ ਬਾਜ਼ਾਰਾਂ ’ਚ ਲੋਕਾਂ ਦੀ ਚਹਿਲ-ਪਹਿਲ ਵੀ ਆਮ ਦਿਨਾਂ ਵਾਂਗ ਜਾਰੀ ਰਹੀ। ਅਜਿਹੇ ’ਚ ਬਲੈਕਆਊਟ ਅਭਿਆਸ ਦੀ ਪ੍ਰਭਾਵਸ਼ੀਲਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਪ੍ਰਸ਼ਾਸਨ ਵੱਲੋਂ 35 ਚਿੰਨ੍ਹਿਤ ਸਥਾਨਾਂ ’ਤੇ ਸਾਇਰਨ ਵਜਾਉਣ ਅਤੇ ਕਰੀਬ 20 ਮਿੰਟ ਤੱਕ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਪਰਖਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਤੇ ਏਜੰਸੀਆਂ ਨੇ ਨਿਰਧਾਰਤ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ। ਮੌਕ ਡਰਿੱਲ ਦਾ ਮੁੱਖ ਮਕਸਦ ਹਵਾਈ ਹਮਲੇ ਜਾਂ ਕਿਸੇ ਹੋਰ ਐਮਰਜੈਂਸੀ ਦੀ ਸਥਿਤੀ ’ਚ ਵਿਭਾਗਾਂ ਦੇ ਆਪਸੀ ਤਾਲਮੇਲ, ਤੁਰੰਤ ਜਵਾਬੀ ਕਾਰਵਾਈ ਤੇ ਲੋਕਾਂ ਦੀ ਸੁਰੱਖਿਆ ਲਈ ਕੀਤੇ ਪ੍ਰਬੰਧਾਂ ਨੂੰ ਪਰਖਣਾ ਸੀ।
ਸਾਇਰਨ ਵੱਜੇ ਪਰ ਬਜ਼ਾਰਾਂ ਦੀਆਂ ਲਾਈਟਾਂ ਬੰਦ ਨਹੀਂ ਹੋਈਆਂ
ਅਭਿਆਸ ਦੌਰਾਨ ਕਈ ਬਾਜ਼ਾਰਾਂ ’ਚ ਦੁਕਾਨਦਾਰਾਂ ਨੇ ਲਾਈਟਾਂ ਬੰਦ ਨਹੀਂ ਕੀਤੀਆਂ। ਕਈ ਸੜਕਾਂ ’ਤੇ ਸਟਰੀਟ ਲਾਈਟਾਂ ਵੀ ਜਗਦੀਆਂ ਰਹੀਆਂ। ਲੋਕਾਂ ਦੀ ਆਵਾਜਾਈ ’ਤੇ ਵੀ ਕੋਈ ਖਾਸ ਅਸਰ ਦਿਖਾਈ ਨਹੀਂ ਦਿੱਤਾ। ਸ਼ਹਿਰ ਦੀ ਰੋਜ਼ਾਨਾ ਰੌਣਕ ਬਰਕਰਾਰ ਰਹੀ ਅਤੇ ਅਜਿਹਾ ਨਹੀਂ ਲੱਗਿਆ ਕਿ ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਬਲੈਕਆਊਟ ਅਭਿਆਸ ਚੱਲ ਰਿਹਾ ਹੈ। ਮੌਕ ਡਰਿੱਲ ਦਾ ਅਹਿਮ ਮਕਸਦ ਐਮਰਜੈਂਸੀ ਦੌਰਾਨ ਲੋਕਾਂ ਨੂੰ ਸੁਰੱਖਿਆ ਸਬੰਧੀ ਸਾਵਧਾਨੀਆਂ ਬਾਰੇ ਜਾਗਰੂਕ ਕਰਨਾ ਵੀ ਹੁੰਦਾ ਹੈ ਪਰ ਬਜ਼ਾਰਾਂ ਤੇ ਸੜਕਾਂ ’ਤੇ ਆਮ ਹਾਲਾਤ ਬਣੇ ਰਹਿਣ ਕਾਰਨ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਲੋਕਾਂ ਤੇ ਦੁਕਾਨਦਾਰਾਂ ਨੂੰ ਬਲੈਕਆਊਟ ਦੀ ਮਹੱਤਤਾ ਬਾਰੇ ਢੁੱਕਵੀਂ ਜਾਣਕਾਰੀ ਦਿੱਤੀ ਗਈ ਸੀ।
