ਹੋ ਜਾਓ ਸਾਵਧਾਨ ! ਦੇਸ਼ 'ਚ ਕਈ ਦਵਾਈਆਂ ਦੇ ਸੈਂਪਲ ਹੋ ਗਏ ਫੇਲ੍ਹ
Tuesday, Dec 03, 2024 - 05:54 AM (IST)
ਜਲੰਧਰ (ਇੰਟ.) : ਸੈਂਟ੍ਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2024 ’ਚ ਦਰਦ, ਇਨਫੈਕਸ਼ਨ ਰੋਕੂ ਅਤੇ ਟਾਈਪ-2 ਡਾਇਬਟੀਜ਼ (ਸ਼ੂਗਰ) ਵਰਗੀਆਂ ਕਈ ਦਵਾਈਆਂ ਦੇ ਸੈਂਪਲ ਸਟੈਂਡਰਡ ਕੁਆਲਿਟੀ (ਐੱਨ.ਐੱਸ.ਕਿਊ.) ਅਨੁਸਾਰ ਨਹੀਂ ਪਾਏ ਗਏ ਹਨ। ਅਜਿਹੀਆਂ ਦਵਾਈਆਂ ਨੂੰ ਸੀ.ਡੀ.ਐੱਸ.ਸੀ.ਓ. ਨੇ ਨਕਲੀ ਕਰਾਰ ਦਿੱਤਾ ਹੈ।
ਅੰਕੜਿਆਂ ਅਨੁਸਾਰ ਉੱਚ ਡਰੱਗ ਸੰਸਥਾ ਅਤੇ ਸਟੇਟ ਡਰੱਗ ਅਥਾਰਟੀ ਨੇ ਐੱਨ.ਐੱਸ.ਕਿਊ. ਤਹਿਤ 618 ਦਵਾਈਆਂ ਅਤੇ ਫਾਰਮੂਲੇ ਸ਼ਾਮਲ ਕੀਤੇ ਹਨ, ਜਦ ਕਿ ਜਨਵਰੀ ਤੋਂ ਅਕਤੂਬਰ ਦਰਮਿਆਨ 19 ਦਵਾਈਆਂ ਨਕਲੀ ਪਾਈਆਂ ਗਈਆਂ। ਹਾਲਾਂਕਿ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਦਵਾਈਆਂ ਦੇ ਪ੍ਰੋਡਕਟ (ਉਤਪਾਦ) ਨਹੀਂ ਬਣਾਏ ਹਨ।
ਕਿਹੜੀਆਂ ਹਨ ਦਰਦ ਰੋਕੂ ਦਵਾਈਆਂ ?
ਰਿਪੋਰਟ ਮੁਤਾਬਕ ਜਿਹੜੀਆਂ ਦਵਾਈਆਂ ਮਿਆਰ ਅਨੁਸਾਰ ਨਹੀਂ ਪਾਈਆਂ ਗਈਆਂ, ਉਨ੍ਹਾਂ ’ਚ ਪੈਰਾਸੀਟਾਮੋਲ ਨਾਲ ਈਬਿਪਰੋਫੇਨ, ਡਾਇਕਲੋਫੇਨੈਕ ਅਤੇ ਮੇਫੇਨਾਮਿਕ ਐਸਿਡ ਦਾ ਮਿਸ਼ਰਨ ਸ਼ਾਮਲ ਹੈ। ਇਨ੍ਹਾਂ ਨੂੰ ਮਿਲਾ ਕੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਬੁਖਾਰ, ਹਲਕੇ ਮਾਈਗ੍ਰੇਨ, ਮਾਹਵਾਰੀ ਅਤੇ ਮਾਸਪੇਸ਼ੀ ਦੇ ਦਰਦ ਦੇ ਇਲਾਜ ਲਈ ਕੀਤਾ ਜਾਂਦਾ ਹੈ।
ਮਾਰਕੀਟ ਰਿਸਰਚ ਫਰਮ ਫਾਰਮਾ ਰੈਂਕ ਅਨੁਸਾਰ ਅਕਤੂਬਰ 2024 ’ਚ ਭਾਰਤੀ ਫਾਰਮਾ ਮਾਰਕੀਟ ’ਚ ਮਾਲੀਆ ਯੋਗਦਾਨ ਦੇ ਮਾਮਲੇ ’ਚ ਐਨਾਲਜੇਸਿਕ ਸੱਤਵਾਂ ਸਭ ਤੋਂ ਵੱਡਾ ਥੈਰੇਪੀ ਗਰੁੱਪ ਹੋਵੇਗਾ, ਜਿਸ ਦਾ ਸਾਲਾਨਾ ਕਾਰੋਬਾਰ 15,179 ਕਰੋੜ ਰੁਪਏ ਹੋਵੇਗਾ।
ਐੱਨ.ਐੱਸ.ਕਿਊ. ਵਜੋਂ ਲੇਬਲ ਕੀਤੀਆਂ ਦਵਾਈਆਂ ਦੀਆਂ ਹੋਰ ਕਿਸਮਾਂ ਐਂਟੀ-ਇਨਫੈਕਟਿਵ ਹਨ, ਜਿਨ੍ਹਾਂ ’ਚ ਐਂਟੀਬਾਇਓਟਿਕਸ, ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਦਵਾਈਆਂ ਸ਼ਾਮਲ ਹਨ। ਐਂਟੀ-ਇਨਫੈਕਟਿਵ ਆਈ.ਪੀ.ਐੱਮ. ਮਾਲੀਏ ’ਚ ਤੀਜਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਹੈ, ਜਿਸ ਦਾ ਐੱਮ.ਏ.ਟੀ. ਅਕਤੂਬਰ ’ਚ 25,682 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਸ਼ਮਸ਼ਾਨਘਾਟ 'ਚ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ, 'ਤਾਏ' ਨੇ ਹੀ ਰਚਿਆ ਪੂਰਾ 'ਕਤਲਕਾਂਡ'
ਰੈਗੂਲੇਟਰ ਨੇ ਬ੍ਰਾਂਡਾਂ ਦੇ ਨਾਵਾਂ ਦਾ ਨਹੀਂ ਕੀਤਾ ਖੁਲਾਸਾ
ਹਾਲਾਂਕਿ ਚੋਟੀ ਦੇ ਡਰੱਗ ਰੈਗੂਲੇਟਰ ਨੇ ਬ੍ਰਾਂਡ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ, ਇਸ ਨੇ ਆਪਣੀ ਡਰੱਗ ਚਿਤਾਵਨੀਆਂ ’ਚ ਕਈ ਫਾਰਮੂਲੇ ਅਤੇ ਡਰੱਗ ਮਿਸ਼ਰਣਾਂ ਦੀ ਪਛਾਣ ਕੀਤੀ ਹੈ। ਕੇਂਦਰੀ ਸੰਸਥਾ ਨੇ ਮਾਰਚ, 2024 ਤੋਂ ਹੁਣ ਤੱਕ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ। ਸਿਰਫ ਉਨ੍ਹਾਂ ਦਵਾਈਆਂ ਦੀ ਗਿਣਤੀ ਦਾ ਖੁਲਾਸਾ ਕੀਤਾ ਹੈ, ਜੋ ਮਿਆਰੀ ਗੁਣਵੱਤਾ ਦੀਆਂ ਨਹੀਂ ਪਾਈਆਂ ਗਈਆਂ ਸਨ।
ਇਸ ਸਾਲ ਗੁਣਵੱਤਾ ਦੇ ਪ੍ਰੀਖਣਾਂ ’ਚ ਵਾਰ-ਵਾਰ ਅਸਫਲ ਰਹਿਣ ਵਾਲੇ ਫਾਰਮੂਲੇਸ਼ਨ ’ਚ ਸੇਫਿਕਸਾਈਮ, ਅਜ਼ੀਥਰੋਮਾਈਸਿਨ ਅਤੇ ਲੈਕਟੋਬੈਸਿਲਸ ਸਮੇਤ ਫਿਕਸਡ ਡੋਜ਼ ਮਿਸ਼ਰਣ ਸ਼ਾਮਲ ਹਨ। ਐੱਫ.ਡੀ.ਸੀ. ਉਹ ਦਵਾਈਆਂ ਹੁੰਦੀਆਂ ਹਨ, ਜਿਨ੍ਹਾਂ ’ਚ ਇਕ ਹੀ ਰੂਪ ’ਚ 2 ਜਾਂ ਵੱਧ ਸਰਗਰਮ ਡਰੱਗ ਤੱਤਾਂ ਦਾ ਸੁਮੇਲ ਹੁੰਦਾ ਹੈ, ਜਿਨ੍ਹਾਂ ਨੂੰ ਆਮ ਤੌਰ ’ਤੇ ਇਕ ਨਿਸ਼ਚਿਤ ਅਨੁਪਾਤ ’ਚ ਬਣਾਇਆ ਅਤੇ ਵੰਡਿਆ ਜਾਂਦਾ ਹੈ।
ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦਵਾਈਆਂ ਦੇ ਸੈਂਪਲ ਵੀ ਫੇਲ੍ਹ
ਇਸੇ ਤਰ੍ਹਾਂ ਟਾਈਪ-2 ਡਾਇਬਟੀਜ਼ (ਸ਼ੂਗਰ) ਅਤੇ ਹਾਈ ਬਲੱਡ ਪ੍ਰੈਸ਼ਰ ਲਈ ਗਲਾਈਮੀਪੀਰਾਇਡ ਦੀਆਂ ਗੋਲੀਆਂ ਅਤੇ ਸਪਾਈਰੋਨੋਲੇਕਟੋਨ ਦਵਾਇਆਂ ਦੀ ਗੁਣਵੱਤਾ ਵੀ ਇਸ ਸਾਲ ਕਮਜ਼ੋਰ ਪਾਈ ਗਈ ਹੈ। ਇਹ ਥੈਰੇਪੀ ਖੇਤਰ ਭਾਰਤੀ ਫਾਰਮਾ ਮਾਰਕੀਟ ’ਚ ਮਾਲੀਏ ਦੇ ਮਾਮਲੇ ’ਚ ਚੌਥਾ ਸਭ ਤੋਂ ਵੱਡਾ ਮੈਡੀਕਲ ਸਮੂਹ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਨੁਸਾਰ ਭਾਰਤ ’ਚ 18 ਸਾਲ ਤੋਂ ਵੱਧ ਉਮਰ ਦੇ ਲਗਭਗ 7.7 ਕਰੋੜ ਲੋਕ ਸ਼ੂਗਰ (ਟਾਈਪ-2) ਤੋਂ ਪੀੜਤ ਹਨ, ਇਸ ਦੇ ਨਾਲ ਹੀ ਪ੍ਰੀ-ਡਾਇਬੀਟੀਜ਼ ਤੋਂ ਪੀੜਤ ਲਗਭਗ 2.5 ਕਰੋੜ ਲੋਕ ਸ਼ਾਮਲ ਹਨ, ਜਿਨ੍ਹਾਂ ’ਚ ਭਵਿੱਖ ’ਚ ਇਸ ਬਿਮਾਰੀ ਦੇ ਵਿਕਸਿਤ ਹੋਣ ਦਾ ਵੱਧ ਜੋਖ਼ਮ ਹੈ।
ਅੰਕੜਿਆਂ ਅਨੁਸਾਰ ਪੈਨ ਡੀ ਵਰਗੀਆਂ ਪ੍ਰਸਿੱਧ ਗੈਸਟ੍ਰੋਇੰਟੇਸਟਾਈਨਲ (ਜੀ.ਆਈ.) ਦਵਾਈਆਂ ਦੇ ਬੈਚ, ਜਿਸ ਦੀ ਮਾਰਕੀਟਿੰਗ ਅਲਕੇਮ ਲੈਬਾਰਟਰੀਜ਼ ਵੱਲੋਂ ਕੀਤੀ ਜਾਂਦੀ ਹੈ, ਸਭ ਤੋਂ ਵੱਧ ਨਕਲੀ ਪਾਈਆਂ ਗਈਆਂ ਹਨ। ਇਸ ਦਵਾਈ ’ਤੇ ਲਗਾਤਾਰ ਤਿੰਨ ਮਹੀਨਿਆਂ ਲਈ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ- ਆਹ ਤਾਂ ਹੱਦ ਹੀ ਹੋ ਗਈ ! ਸਰਕਾਰੀ ਸਕੂਲ ਦਾ ਮੇਨ ਗੇਟ ਹੀ ਹੋ ਗਿਆ 'ਗਾਇਬ'
ਕੰਪਨੀਆਂ ਨੇ ਸੈਂਪਲ ਫੇਲ੍ਹ ਹੋਣ ਤੋਂ ਕੀਤਾ ਇਨਕਾਰ
ਇਸ ਦੌਰਾਨ ਕੰਪਨੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੀਆਂ ਦਵਾਈਆਂ ਪ੍ਰੀਖਣਾਂ ’ਚ ਅਸਫਲ ਰਹੀਆਂ ਹਨ। ਉਨ੍ਹਾਂ ਨੇ ਪ੍ਰੀਖਣ ਕੀਤੇ ਬੈਚਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਉਨ੍ਹਾਂ ਵੱਲੋਂ ਤਿਆਰ ਨਹੀਂ ਕੀਤੀਆਂ ਗਈਆਂ ਸਨ।
ਡਰੱਗ ਸਟੈਂਡਰਡ ਬਾਡੀ ਨੇ ਆਪਣੇ ਅਲਰਟ ’ਚ ਕਿਹਾ ਕਿ ਅਸਲੀ ਨਿਰਮਾਤਾ (ਲੇਬਲ ਦੇ ਦਾਅਵੇ ਅਨੁਸਾਰ) ਨੇ ਸੂਚਿਤ ਕੀਤਾ ਹੈ ਕਿ ਉਤਪਾਦ ਦਾ ਸ਼ੱਕੀ ਬੈਚ ਉਨ੍ਹਾਂ ਵੱਲੋਂ ਨਹੀਂ ਬਣਾਇਆ ਗਿਆ ਹੈ ਅਤੇ ਇਹ ਇਕ ਨਕਲੀ ਦਵਾਈ ਹੈ। ਉਤਪਾਦ ਦੇ ਨਕਲੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਹਾਲਾਂਕਿ ਇਹ ਜਾਂਚ ਦੇ ਨਤੀਜੇ ਅਧੀਨ ਹੈ।
ਇਹ ਵੀ ਪੜ੍ਹੋ- ਬੈਡਮਿੰਟਨ ਸਟਾਰ PV ਸਿੰਧੂ ਦੇ ਘਰ ਵੱਜਣਗੀਆਂ ਸ਼ਹਿਨਾਈਆਂ, ਖਿਡਾਰਨ ਦਾ 22 ਨੂੰ ਹੋਣ ਜਾ ਰਿਹੈ 'ਵਿਆਹ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e