ਪੰਜਾਬ ਸਰਕਾਰ ਵੱਲੋਂ ਡਾਕਟਰੀ ਪੜ੍ਹਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ

Wednesday, May 20, 2020 - 12:35 PM (IST)

ਪੰਜਾਬ ਸਰਕਾਰ ਵੱਲੋਂ ਡਾਕਟਰੀ ਪੜ੍ਹਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ

ਚੰਡੀਗੜ੍ਹ : ਪੰਜਾਬ 'ਚ ਸਥਿਤ ਸਾਰੇ ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜ ਤੇ ਯੂਨੀਵਰੀਸਟੀਆਂ 'ਚ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਫੀਸਾਂ 'ਚ ਇਕਸਾਰਤਾ ਲਿਆਉਣ ਦੇ ਮਕਸਦ ਨਾਲ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਸਾਲ-2020 'ਚ ਜਾਰੀ ਨੋਟੀਫੀਕੇਸ਼ਨ ਨੰਬਰ 5/26/2016-5ਐਚ.ਬੀ.3/1121 'ਚ ਅੰਸ਼ਿਕ ਸੋਧ ਕਰ ਦਿੱਤੀ ਗਈ ਹੈ, ਜਿਸ ਸਬੰਧੀ ਸੋਧ ਪੱਤਰ ਜਾਰੀ ਕਰ ਦਿੱਤਾ ਗਿਆ। ਇਹ ਜਾਣਕਾਰੀ ਇਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦਿੱਤੀ। ਸੋਨੀ ਨੇ ਦੱਸਿਆ ਕਿ ਨਿੱਜੀ ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਰਾਜ 'ਚ ਫੀਸ ਸਬੰਧੀ 2015 'ਚ ਲਾਗੂ ਹੋਈਆ ਫੀਸਾਂ ਤੋਂ ਬਹੁਤ ਜ਼ਿਆਦਾ ਫੀਸ ਲਈ ਜਾ ਰਹੀ ਸੀ।

ਹਾਲਾਤ ਇਹ ਸਨ ਕਿ ਆਦੇਸ਼ ਯੂਨੀਵਰਸਿਟੀ ਵੱਲੋਂ ਐਮ. ਡੀ. ਕਰਨ ਵਾਲੇ ਵਿਦਿਆਰਥੀਆਂ ਤੋਂ 6.50 ਲੱਖ ਰੁਪਏ ਸਾਲਾਨਾ ਫੀਸ ਲੈਣ ਦੀ ਬਜਾਏ 16.50 ਲੱਖ ਰੁਪਏ ਫੀਸ ਲਈ ਜਾ ਰਹੀ ਸੀ, ਜਿਸ ਕਾਰਨ ਡਾਕਟਰੀ ਦੀ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ 'ਤੇ ਬਹੁਤ ਜ਼ਿਆਦਾ ਆਰਥਿਕ ਬੋਝ ਪੈਂਦਾ ਸੀ। ਉਨ੍ਹਾਂ ਕਿਹਾ ਕਿ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਆਇਆ ਸੀ, ਜੋ ਕਿ ਉਨ੍ਹਾਂ ਨੂੰ ਬਿਲਕੁਲ ਵੀ ਤਰਕ ਸੰਗਤ ਨਹੀਂ ਲੱਗਾ। ਇਸ ਤੋਂ ਬਾਅਦ ਉਨ੍ਹਾਂ ਇਸ ਮਾਮਲੇ ਨੂੰ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਨ ਲਈ ਯਤਨ ਆਰੰਭ ਕਰ ਦਿੱਤੇ ਤਾਂ ਜੋ ਡਾਕਟਰੀ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ 'ਤੇ ਪੈਂਦੇ ਇਸ ਆਰਥਿਕ ਬੋਝ ਨੂੰ ਖਤਮ ਕਰਕੇ ਫੀਸਾਂ 'ਚ ਇਕਸਾਰਤਾ ਲਿਆਂਦੀ ਜਾ ਸਕੇ। ਹੁਣ ਇਸ ਸਬੰਧੀ ਲੋੜੀਂਦੀ ਕਾਰਵਾਈ ਅਮਲ 'ਚ ਲਿਆਉਣ ਤੋਂ ਬਾਅਦ ਫੀਸਾਂ 'ਚ ਇਕਸਾਰਤਾ ਲਿਆਉਣ ਲਈ ਸੋਧ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਨੇ ਕਿਹਾ ਕਿ ਹੁਣ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ, ਕ੍ਰਿਸ਼ਚਨ ਮੈਡੀਕਲ ਕਾਲਜ ਲੁਧਿਆਣਾ ਅਤੇ ਕ੍ਰਿਸ਼ਚਨ ਡੈਂਟਲ ਕਾਲਜ ਲੁਧਿਆਣਾ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅੰਮ੍ਰਿਤਸਰ, ਦੇਸ਼ ਭਗਤ ਯੂਨੀਵਰਸਿਟੀ ਅਤੇ ਆਦੇਸ਼ ਯੂਨੀਵਰਸਿਟੀ ਬਠਿੰਡਾ 'ਚ ਹੁਣ ਐਮ.ਡੀ/ਐਮ.ਐਸ. (ਕਲੀਨੀਕਲ) ਕੋਰਸ ਲਈ ਫੀਸ 6.50 ਲੱਖ ਸਾਲਾਨਾ ਹੋਵੇਗੀ, ਜਦੋਂ ਕਿ ਐਨ.ਆਰ.ਆਈ. ਕੋਟੇ ਦੀ ਸੀਟ ਲਈ ਇਸ ਪੂਰੇ ਕੋਰਸ ਦੀ ਫੀਸ 1 ਲੱਖ 25 ਹਜ਼ਾਰ ਅਮਰੀਕੀ ਡਾਲਰ ਹੈ। ਸੋਨੀ ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਮਾਮਲੇ 'ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਅਤੇ ਆਪ ਵੱਲੋਂ ਇਸ ਸਬੰਧੀ ਕਦੀ ਵੀ ਵਿਧਾਨ ਸਭਾ 'ਚ ਮੁੱਦਾ ਨਹੀਂ ਉਠਾਇਆ ਗਿਆ।

ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਨਾ ਹੀ ਕਦੀ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਗਈ। ਹੁਣ ਜਦੋਂ ਸੋਧ ਪੱਤਰ ਜਾਰੀ ਹੋ ਗਿਆ ਹੈ ਤਾਂ ਇਨ੍ਹਾਂ ਪਾਰਟੀਆਂ ਦੇ ਆਗੂ ਆਪਣੀ ਰਾਜਨੀਤੀ ਚਮਕਾਉਣ ਲਈ ਫੋਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਮਾਮਲੇ 'ਚ ਸਰਕਾਰ ਦੀ ਵਿਰੋਧੀ ਪਾਰਟੀਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ, ਉਸ ਮਾਮਲੇ 'ਤੇ ਫੋਕੀ ਬਿਆਨਬਾਜ਼ੀ ਕਰ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਵਰਗਲਾਇਆ ਜਾ ਸਕੇ ਪਰ ਲੋਕ ਹੁਣ ਬਹੁਤ ਸਮਝਦਾਰ ਹੋ ਚੁੱਕੇ ਹਨ ਤੇ ਉਹ ਅਜਿਹੇ ਆਗੂਆਂ ਦੀਆਂ ਝੂਠੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਨ•ਾਂ ਵਿਰੋਧੀ ਸਿਆਸੀ ਆਗੂ ਨੂੰ ਫੋਕੀ ਸ਼ੋਹਰਤ ਲੈਣ ਤੋਂ ਬਾਜ ਆਉਣ ਚਿਤਾਵਨੀ ਦਿੱਤੀ।


author

Babita

Content Editor

Related News