ਬਿਨਾਂ ਡਾਕਟਰ ਤੋਂ ਚੱਲ ਰਹੇ ਕਲੀਨਿਕ ਦਾ ਪਰਦਾਫਾਸ਼ ਡਰੱਗ ਵਿਭਾਗ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ
Friday, Jul 20, 2018 - 02:29 AM (IST)

ਅੰਮ੍ਰਿਤਸਰ, (ਅਵਧੇਸ਼)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ‘ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਅੱਜ ਲਾਇਸੈਂਸ ਅਥਾਰਟੀ ਡਾ. ਕੁਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਡਰੱਗ ਵਿਭਾਗ ਦੀ ਟੀਮ ਨੇ ਪੰਜਾਬ ਪੁਲਸ ਨਾਲ ਮਿਲ ਕੇ ਅੱਧੀ ਦਰਜਨ ਤੋਂ ਵੱਧ ਮੈਡੀਕਲ ਸਟੋਰਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਪੱਕੇ ਬਿੱਲ ਨਾ ਮਿਲਣ ’ਤੇ 50 ਤੋਂ ਵੱਧ ਕਿਸਮਾਂ ਦੀਆਂ ਦਵਾਈਆਂ ਸੀਲ ਕੀਤੀਅਾਂ ਗਈਅਾਂ, ਜਿਨ੍ਹਾਂ ਦਾ ਮੁੱਲ ਕਰੀਬ 20-25 ਹਜ਼ਾਰ ਦੱਸਿਆ ਜਾ ਰਿਹਾ ਹੈ। ਉਥੇ ਹੀ ਪਿੰਡ ਗੁੰਮਟਾਲਾ ਵਿਖੇ ਬਿਨਾਂ ਡਾਕਟਰ ਤੋਂ ਚੱਲ ਰਹੇ ਗੁਰਮੀਤ ਕਲੀਨਿਕ ’ਤੇ ਵੀ ਛਾਪੇਮਾਰੀ ਕੀਤੀ ਗਈ, ਜੋ ਕਿ ਵਿਭਾਗ ਨੂੰ ਨਾ ਤਾ ਆਪਣਾ ਡਰੱਗ ਲਾਇਸੈਂਸ ਤੇ ਨਾ ਹੀ ਆਰ. ਐੱਮ. ਪੀ. ਦਾ ਸਰਟੀਫਿਕੇਟ ਦਿਖਾ ਸਕਿਆ, ਜਿਸ ’ਤੇ ਵਿਭਾਗ ਵੱਲੋਂ ਡਰੱਗਜ਼ ਅੈਂਡ ਕਾਸਮੈਟਿਕ ਐਕਟ 18-ਸੀ ਤੇ 18-ਏ ਤਹਿਤ ਸਬੰਧਤ ਦੁਕਾਨਦਾਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਡਰੱਗ ਇੰਸਪੈਕਟਰ ਬਬਲੀਨ ਕੌਰ ਨੇ ਦੱਸਿਆ ਕਿ ਅਜਨਾਲਾ ਰੋਡ ’ਤੇ ਸਥਿਤ ਸਰੀਨ ਮੈਡੀਕੋਜ਼ ਤੇ ਸਿਮਰਨ ਮੈਡੀਕੋਜ਼ ਗੁੰਮਟਾਲਾ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸਬੰਧਤ ਦੁਕਾਨਦਾਰਾਂ ਕੋਲ ਸੇਲ-ਪ੍ਰਚੇਜ਼ ਦਾ ਰਿਕਾਰਡ ਢੁੱਕਵਾਂ ਨਹੀਂ ਸੀ। ਡਰੱਗ ਇੰਸਪੈਕਟਰ ਨੇ ਦੱਸਿਆ ਕਿ ਸਬੰਧਤ ਦੁਕਾਨਦਾਰਾਂ ਖਿਲਾਫ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱੱਤਾ ਗਿਆ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਮੈਡੀਕਲ ਸਟੋਰ ਅੱਡਾ ਨਾਥ ਦੀ ਖੂਹੀ ਤੇ ਹੈਰੀ ਮੈਡੀਕਲ ਸਟੋਰ ਅੱਡਾ ਕੱਥੂਨੰਗਲ ’ਤੇ ਵੀ ਛਾਪੇਮਾਰੀ ਕੀਤੀ ਗਈ।