ਮੈਡੀਕਲ ਅਫਸਰਾਂ ਦੀਆਂ 428 ਅਸਾਮੀਆਂ ਭਰਨ ਨੂੰ ਮੰਤਰੀ ਮੰਡਲ ਨੇ ਦਿੱਤੀ ਹਰੀ ਝੰਡੀ
Wednesday, Aug 26, 2020 - 01:56 AM (IST)
ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਮੰਤਰੀ ਮੰਡਲ ਨੇ ਮੰਗਲਵਾਰ ਨੂੰ ਫੌਰੀ ਆਧਾਰ 'ਤੇ ਮੈਡੀਕਲ ਅਫਸਰਾਂ (ਸਪੈਸ਼ਲਿਸਟ) ਦੀਆਂ 428 ਰੈਗੂਲਰ ਅਸਾਮੀਆਂ ਨੂੰ ਭਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ 6 ਸਪੈਸ਼ਲਟੀਆਂ ਦੀਆਂ 107 ਅਸਾਮੀਆਂ ਦੀ ਕਾਰਜ ਬਾਅਦ ਪ੍ਰਵਾਨਗੀ 'ਤੇ ਵੀ ਕੈਬਨਿਟ ਵਲੋਂ ਮੋਹਰ ਲਾ ਦਿੱਤੀ ਗਈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਇਹ ਭਰਤੀ ਡਾ. ਕੇ.ਕੇ. ਤਲਵਾੜ ਦੀ ਪ੍ਰਧਾਨਗੀ ਵਾਲੀ ਇਕ ਵਿਸ਼ੇਸ਼ ਚੋਣ ਕਮੇਟੀ ਵਲੋਂ ਵਾਕ-ਇਨ-ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਨਵੀਆਂ 428 ਅਸਾਮੀਆਂ ਵਿਚੋਂ 136 ਨੂੰ ਜ਼ਿਲਾ ਹਸਪਤਾਲ ਪੱਧਰ 'ਤੇ ਪ੍ਰਵਾਨ ਕੀਤਾ ਗਿਆ ਹੈ, ਜਿਸ ਵਿਚ 22 ਅਸਾਮੀਆਂ ਬੱਚਿਆਂ ਦੇ ਮਾਹਿਰ, ਫੌਰੈਂਸਿਕ ਮੈਡੀਸਨ ਅਤੇ ਗਾਇਨੀ ਲਈ 20-20 ਅਸਾਮੀਆਂ ਅਤੇ ਮਾਈਕਰੋਬਾਇਲੌਜੀ ਲਈ 18 ਅਸਾਮੀਆਂ ਸ਼ਾਮਲ ਹਨ। ਸਬ-ਡਵੀਜ਼ਨਲ ਹਸਪਤਾਲਾਂ ਦੇ ਪੱਧਰ 'ਤੇ ਮਨਜ਼ੂਰ ਕੀਤੀਆਂ 190 ਅਸਾਮੀਆਂ ਵਿੱਚੋਂ ਸਭ ਤੋਂ ਵੱਧ 39-39 ਅਸਾਮੀਆਂ ਮੈਡੀਸਨ ਅਤੇ ਗਾਇਨੀ ਵਿਚ ਹਨ ਜਦੋਂ ਕਿ 30 ਅਸਾਮੀਆਂ ਚਮੜੀ ਰੋਗਾਂ, 29 ਅਸਾਮੀਆਂ ਈ.ਐੱਨ.ਟੀ. ਅਤੇ 13 ਅਸਾਮੀਆਂ ਐਨੈਸਥੀਸੀਆ ਲਈ ਹਨ। ਕਮਿਊਨਿਟੀ ਸਿਹਤ ਕੇਂਦਰਾਂ ਪੱਖੋਂ ਐਨੇਸਥੀਸੀਆ ਦੀਆਂ 102 ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ।
ਪੰਜਾਬ ਵਸਤਾਂ ਅਤੇ ਸੇਵਾਵਾਂ ਟੈਕਸ (ਸੋਧ) ਬਿੱਲ, 2020 ਦੇ ਪ੍ਰਸਤਾਵ ਨੂੰ ਮਨਜ਼ੂਰੀ
ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਪੰਜਾਬ ਵਸਤਾਂ ਅਤੇ ਸੇਵਾਵਾਂ ਟੈਕਸ (ਸੋਧ) ਬਿੱਲ, 2020 ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਤਰ੍ਹਾਂ ਪੀ.ਜੀ.ਐੱਸ.ਟੀ. ਅਧੀਨ ਟੈਕਸ ਵਸੂਲਣ ਅਤੇ ਇਕੱਤਰ ਕਰਨ ਦੇ ਸ਼ਰਤ-ਵਿਧਾਨਾਂ ਅਤੇ ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਬਿੱਲ ਲਾਗੂ ਹੋਣ ਨਾਲ ਨਾ ਸਿਰਫ ਪ੍ਰਬੰਧਾਂ ਅਤੇ ਪ੍ਰੀਕਿਰਿਆਵਾਂ ਵਿਚ ਸਰਲਤਾ ਆਵੇਗੀ ਸਗੋਂ ਇਸ ਨੂੰ ਉਪਭੋਗਤਾ ਪੱਖੀ ਵੀ ਬਣਾਇਆ ਜਾਵੇਗਾ।