ਬਿਨਾਂ ਟੈਸਟ ਕਰਵਾਏ ਹੋ ਰਹੀ ਹੈ ਮੀਟ ਦੀ ਵਿਕਰੀ
Friday, Nov 24, 2017 - 06:56 AM (IST)

ਗਿੱਦੜਬਾਹਾ, (ਸੰਧਿਆ)- ਸਰਕਾਰੀ ਬੁੱਚੜਖਾਨਾ ਨਾ ਹੋਣ ਕਰਕੇ ਮੀਟ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਬਿਨਾਂ ਟੈਸਟ ਕਰਵਾਏ ਹੀ ਸ਼ਹਿਰ ਵਾਸੀਆਂ ਨੂੰ ਮੀਟ ਵੇਚਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਿਸੇ ਜਾਨਵਰ ਨੂੰ ਕੱਟਣ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਉਸ ਦਾ ਮੁਆਇਨਾ ਕਰਵਾਇਆ ਜਾਂਦਾ ਹੈ ਕਿ ਇਹ ਜਾਨਵਰ ਕਿਸੇ ਬੀਮਾਰੀ ਤੋਂ ਪੀੜਤ ਤਾਂ ਨਹੀਂ ਜਾਂ ਫਿਰ ਇਸ ਨੇ ਕੋਈ ਜ਼ਹਿਰੀਲੀ ਚੀਜ਼ ਤਾਂ ਨਹੀਂ ਖਾਧੀ, ਜਿਸ ਨਾਲ ਕਿ ਇਸ ਦਾ ਮੀਟ ਖਾਣ ਨਾਲ ਲੋਕਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਪਰ ਸ਼ਹਿਰ ਵਿਚ ਸਰਕਾਰੀ ਬੁੱਚੜਖਾਨਾ ਨਾ ਹੋਣ ਕਰਕੇ ਇਹ ਮੀਟ ਵੇਚਣ ਵਾਲੇ ਦੁਕਾਨਦਾਰ ਬਿਨਾਂ ਟੈਸਟ ਕਰਵਾਏ ਲੋਕਾਂ ਨੂੰ ਵੇਚ ਦਿੰਦੇ ਹਨ ਅਤੇ ਲੋਕ ਵੀ ਬਿਨਾਂ ਕੁਝ ਸੋਚੇ ਤੇ ਸੰਕੋਚ ਕੀਤੇ ਬਿਨਾਂ ਇਸ ਮੀਟ ਨੂੰ ਖਰੀਦਦੇ ਹਨ।
ਮੀਟ ਖਰੀਦਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਸ਼ਹਿਰ ਦੇ ਹੋਟਲਾਂ, ਢਾਬਿਆਂ, ਮੈਰਿਜ ਪੈਲੇਸਾਂ ਤੇ ਹੋਰ ਕਈ ਸਥਾਨਾਂ 'ਤੇ ਇਹ ਮੀਟ ਵੱਡੀ ਮਾਤਰਾ ਵਿਚ ਬਣਾਇਆ ਜਾਂਦਾ ਹੈ, ਜਿਥੇ ਆਮ ਲੋਕਾਂ ਤੋਂ ਇਲਾਵਾ ਕਈ ਅਧਿਕਾਰੀ ਵੀ ਇਹ ਮੀਟ ਖਾਂਦੇ ਹਨ। ਲੋਕਾਂ ਨੂੰ ਮੀਟ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਇਹ ਮੀਟ ਕਿਸ ਜਾਨਵਰ ਦਾ ਸੀ ਤੇ ਉਹ ਕਿਥੋਂ ਆਇਆ ਸੀ। ਕਿਹੜੇ ਬੁੱਚੜਖਾੜੇ ਤੋਂ ਮੀਟ ਸਾਫ ਕਰਵਾਇਆ ਤੇ ਕੀ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਉਸ ਜਾਨਵਰ ਦਾ ਟੈਸਟ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਮੀਟ ਦੀ ਵਿਕਰੀ ਹੋਣ ਤੋਂ ਪਹਿਲਾਂ ਇਸ ਦੀ ਚਾਰ ਸਰਕਾਰੀ ਵਿਭਾਗਾਂ ਵੱਲੋਂ ਪਰਖ ਹੁੰਦੀ ਹੈ। ਜਿਊਂਦੇ ਜਾਨਵਰ ਦੀ ਤੰਦਰੁਸਤੀ ਦੀ ਪੁਸ਼ਟੀ ਪਸ਼ੂ ਪਾਲਣ ਵਿਭਾਗ ਕਰਦਾ ਹੈ, ਸਲਾਟਰ ਹਾਊਸ ਦਾ ਪ੍ਰਬੰਧ ਨਗਰ ਕੌਂਸਲ ਨੇ ਅਤੇ ਦੁਕਾਨਾਂ 'ਤੇ ਪਏ ਮੀਟ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੁੰਦੀ ਹੈ। ਇਸ ਸਭ ਲਈ ਪ੍ਰਸ਼ਾਸਨਿਕ ਅਧਿਕਾਰੀ ਜ਼ਿੰਮੇਵਾਰ ਹਨ।
ਦੱਸਣਯੋਗ ਹੈ ਕਿ ਜਿਸ ਜਾਨਵਰ ਦਾ ਮੀਟ ਬਣਾਇਆ ਜਾਂਦਾ ਹੈ, ਉਹ ਸਹੀ ਹੈ ਜਾਂ ਨਹੀਂ ਇਸ 'ਤੇ ਮੋਹਰ ਲਾਉਣ ਦਾ ਕੰਮ ਪਸ਼ੂ ਪਾਲਣ ਵਿਭਾਗ ਦਾ ਹੁੰਦਾ ਹੈ ਅਤੇ ਬਕਾਇਦਾ ਇਸ ਦੀ ਸਰਕਾਰੀ ਫੀਸ ਵੀ ਹੁੰਦੀ ਹੈ। ਜਦੋਂ ਕੋਈ ਜਾਨਵਰ ਦੇ ਮੋਹਰ ਲਵਾਉਣ ਹੀ ਨਹੀਂ ਆਉਂਦਾ ਤਾਂ ਰੈਵੇਨਿਊ ਕਿਥੋਂ ਆਵੇਗਾ।