ਨਿਗਮ 'ਚ ਲੱਗੇ ਕੈਪਟਨ ਜ਼ਿੰਦਾਬਾਦ ਦੇ ਨਾਅਰੇ, ਮੁੜ ਮੇਅਰ ਸੀਟ 'ਤੇ ਬੈਠੇ ਸੰਜੀਵ ਬਿੱਟੂ
Thursday, Dec 02, 2021 - 11:07 AM (IST)
ਪਟਿਆਲਾ (ਮਨਦੀਪ ਜੋਸਨ) : ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਦੀ ਕੁਰਸੀ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਣ ਤੋਂ ਬਾਅਦ ਜਿੱਥੇ ਮੇਅਰ ਧੜਾ ਬਾਗੋਬਾਗ ਹੈ, ਉੱਥੇ ਲੋਕਲ ਬਾਡੀ ਮੰਤਰੀ ਧੜੇ ਦੇ ਕੌਂਸਲਰਾਂ ਵਿਚਕਾਰ ਮਾਯੂਸੀ ਛਾਈ ਹੋਈ ਹੈ। ਇਸ ਸੁਣਵਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਪਟਿਆਲਾ ਪੁੱਜੇ ਸੰਜੀਵ ਸ਼ਰਮਾ ਬਿੱਟੂ ਮੁੜ ਮੇਅਰ ਦੀ ਕੁਰਸੀ ’ਤੇ ਬੈਠੇ, ਜਿਸ ਦੌਰਾਨ ਬੀਬਾ ਜੈਇੰਦਰ ਕੌਰ ਵੀ ਮੌਜੂਦ ਰਹੇ। ਦੂਜੇ ਪਾਸੇ ਲੋਕਲ ਬਾਡੀ ਮੰਤਰੀ ਖਾਮੋਸ਼ ਹੋ ਗਏ ਹਨ। ਨਗਰ ਨਿਗਮ ’ਚ ਅਜਿਹਾ ਮਾਹੌਲ ਲਗ ਰਿਹਾ ਸੀ ਕਿ ਸੰਜੀਵ ਸਰਮਾ ਬਿੱਟੂ ਕਾਂਗਰਸ ਪਾਰਟੀ ਦੇ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਮੇਅਰ ਹੋਣ। ਇਸ ਦੌਰਾਨ ਕਾਂਗਰਸ ਪਾਰਟੀ ਦਾ ਨਾਮ ਤੱਕ ਵੀ ਨਹੀਂ ਲਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕੌਂਸਲਰ ਮੌਜੂਦ ਰਹੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਧਾਇਕ ਸਿਮਰਜੀਤ ਬੈਂਸ ਤੇ ਹੋਰਨਾਂ ਖ਼ਿਲਾਫ਼ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ
ਗੱਲਬਾਤ ਕਰਦਿਆਂ ਮੇਅਰ ਸੰਜੀਵ ਸਰਮਾ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਸਾਜ਼ਿਸ਼ ਦੇ ਤਹਿਤ ਮੁਅੱਤਲ ਕਰਨ ਦਾ ਮਤਾ ਪਾਇਆ ਗਿਆ ਸੀ, ਜੋ ਕਿ ਬਿਲਕੁੱਲ ਗਲਤ ਸੀ ਅਤੇ ਨਿਰਾਧਾਰ ਸੀ। ਇਸ ਦੌਰਾਨ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਹਾਰ ਮੰਨ ਲਈ ਹੈ ਅਤੇ ਅਦਾਲਤ ਵਿਚ ਜਾ ਕੇ ਵੀ ਕਹਿ ਦਿੱਤਾ ਹੈ ਕਿ ਅਸੀਂ ਮੇਅਰ ਨੂੰ ਹਟਾਉਣ ਦਾ ਕੋਈ ਹੁਕਮ ਪਾਸ ਨਹੀਂ ਕੀਤਾ, ਜਿਸ ਨਾਲ ਵਿਰੋਧੀ ਧਿਰ ਨੂੰ ਮੂੰਹ ਦੀ ਖਾਣੀ ਪਈ ਹੈ। ਇਸ ਲਈ ਅਸੀਂ ਹੁਣ ਲੋਕਾਂ ਦੀ ਪਹਿਲਾਂ ਵਾਂਗ ਸੇਵਾ ਕਰਾਂਗੇ ਅਤੇ ਜੋ ਲੋਕ ਸ਼ਹਿਰ ਵਾਸੀਆਂ ਦੀ ਸੇਵਾ ਵਿਚ ਅੜਿੱਕਾ ਪਾਉਣਾ ਚਾਹੁਦੇ ਹਨ, ਉਹ ਸਫ਼ਲ ਨਹੀਂ ਹੋ ਸਕਣਗੇ।
ਇਹ ਵੀ ਪੜ੍ਹੋ : CM ਚੰਨੀ ਤੇ ਸਿੱਧੂ ਦਿੱਲੀ ਤਲਬ, ਸੁਨੀਲ ਜਾਖੜ ਨੂੰ ਵੀ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਅਦਾਲਤੀ ਮਾਮਲੇ ਦੀ ਅਗਲੀ ਸੁਣਵਾਈ 8 ਨੂੰ
ਨਗਰ ਨਿਗਮ ਪਟਿਆਲਾ ਮੇਅਰ ਮਾਮਲੇ ਨੂੰ ਲੈ ਕੇ ਜੋ ਕੇਸ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਚੱਲ ਰਿਹਾ ਹੈ, ਉਸ ਮਾਮਲੇ ’ਤੇ ਬੀਤੇ ਦਿਨ ਸੁਣਵਾਈ ਹੋਈ। ਜਾਣਕਾਰੀ ਮਿਲੀ ਹੈ ਕਿ ਸਰਕਾਰ ਵੱਲੋਂ ਇਸ ਕੇਸ ਵਿਚ ਪੇਸ਼ ਹੋ ਕੇ ਕਿਹਾ ਗਿਆ ਹੈ ਕਿ ਅਸੀਂ ਅਜੇ ਤੱਕ ਮੇਅਰ ਨੂੰ ਲੈ ਕੇ ਕੋਈ ਵੀ ਫ਼ੈਸਲਾ ਨਹੀਂ ਲਿਆ। ਜ਼ਿਕਰਯੋਗ ਹੈ ਕਿ 25 ਨਵੰਬਰ ਨੂੰ ਹੋਈ ਹਾਊਸ ਮੀਟਿੰਗ ਦੌਰਾਨ ਜੋ ਮੇਅਰ ਸੰਜੀਵ ਸਰਮਾ ਬਿੱਟੂ ਨੂੰ ਹਾਊਸ ਵੱਲੋਂ ਮੁਅੱਤਲ ਕਰਨ ਦਾ ਮਤਾ ਪਾਇਆ ਗਿਆ ਸੀ, ਅਜੇ ਤੱਕ ਉਸ ਮਤੇ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਹੀਂ ਮਿਲੀ ਹੈ, ਇਹ ਮਤਾ ਸਰਕਾਰ ਕੋਲ ਪੈਂਡਿੰਗ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ