ਮੈਨੂੰ ਸਭ ਪਤਾ ਹੈ, ਭ੍ਰਿਸ਼ਟਾਚਾਰ ਕਿਥੇ ਤੇ ਕੋਣ ਕਰ ਰਿਹਾ ਹੈ : ਮੇਅਰ
Monday, Jun 25, 2018 - 11:43 PM (IST)
ਜਲੰਧਰ— ਸੂਬੇ ਦੇ ਸੈਰ-ਸਪਾਟਾ ਅਤੇ ਸਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਮੇਅਰ ਜਗਦੀਸ਼ ਰਾਜਾ ਵੀ ਕਾਰਵਾਈ ਅਮਲ 'ਚ ਲਿਆਂਦੀ ਹੈ। ਨਗਰ ਨਿਗਮ ਹਾਊਸ ਦੀ ਬੈਠਕ 'ਚ ਕੌਂਸਲਰਾਂ ਦੀ ਸ਼ਿਕਾਇਤ ਤੋਂ ਬਾਅਦ ਸਖ਼ਤ ਕਾਰਵਾਈ ਕਰਦੇ ਹੋਏ ਬਿਲਡਿੰਗ ਬ੍ਰਾਂਚ ਦੇ ਦੋ ਇੰਸਪੈਕਟਰਾਂ ਨੂੰ ਚਾਰਜਸ਼ੀਟ ਕਰਨ ਅਤੇ 2 ਇੰਜੀਨਿਅਰਾਂ ਨੂੰ ਸ਼ੋ-ਕਾਜ ਨੋਟਿਸ ਜਾਰੀ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਜਿਨ੍ਹਾਂ ਦੋ ਇੰਸਪੈਕਟਰਾਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ, ਉਨ੍ਹਾਂ ਨੂੰ ਸਸਪੈਂਡ ਕਰਨ ਦੀ ਸਿਫਾਰਿਸ਼ ਵੀ ਸਰਕਾਰ ਨੂੰ ਕੀਤੀ ਗਈ। ਇਸ ਦੇ ਨਾਲ ਹੀ ਹਾਊਸ 'ਚ ਹੀ ਮੇਅਰ ਨੇ ਰੋਡ ਸਵੀਪਿੰਗ ਮਸ਼ੀਨ ਪ੍ਰਾਜੈਕਟ 'ਚ 7 ਕਰੋੜ ਰੁਪਏ ਦੀ ਧੋਖਾਧੜੀ ਦੱਸਦੇ ਹੋਏ ਨਿਗਮ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ 15 ਦਿਨਾਂ 'ਚ ਜਾਂਚ ਕਰਨ ਨੂੰ ਕਿਹਾ ਹੈ। ਕੌਂਸਲਰ ਰਾਜੀਵ ਟਿੱਕਾ ਦੀ ਸ਼ਿਕਾਇਤ 'ਤੇ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਨਿਰਮਲਜੀਤ ਵਰਮਾ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਸਸਪੈਂਡ ਕਰਨ ਦੀ ਸਿਫਾਰਿਸ਼ ਵੀ ਸਰਕਾਰ ਨੂੰ ਕੀਤੀ ਗਈ। ਇਸ ਤੋਂ ਇਲਾਵਾ ਕੌਂਸਲਰ ਪ੍ਰਭਦਿਆਲ ਨੇ ਗੜਾ 'ਚ ਨਾਜਾਇਜ਼ ਰੂਪ ਨਾਲ ਬਣੀ ਇਮਾਰਤ ਅਤੇ ਉਨ੍ਹਾਂ 'ਤੇ ਦੋਸ਼ ਲਗਾਉਣ ਵਾਲੀ ਇੰਸਪੈਕਟਰ ਸੁਸ਼ਮਾ ਦੁੱਗਲ ਦੇ ਮਾਮਲੇ 'ਚ ਸਟੇਟਸ ਰਿਪੋਰਟ ਮੰਗੀ। ਇਸ'ਤੇ ਮੇਅਰ ਨੇ ਕਿਹਾ ਕਿ ਸਰਕਾਰ ਦੇ ਹੁਕਮ 'ਤੇ ਇੰਸਪੈਕਟਰ ਸੁਸ਼ਮਾ ਦੁੱਗਲ ਨੂੰ ਚਾਰਜਸ਼ੀਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੌਂਸਲਰ ਰੋਹਨ ਸਹਿਗਲ ਨੇ ਨਗਰ ਨਿਗਮ ਦੇ ਇੰਜੀਨੀਅਰ ਸ਼ੁਭਮ ਅਤੇ ਸੌਰਵ 'ਤੇ ਦੋਸ਼ ਲਾਇਆ ਕਿ ਇਹ ਦੋਵੇਂ ਇੰਜੀਨੀਅਰ ਕੰਮ ਨਹੀਂ ਕਰਦੇ ਅਤੇ ਸ਼ਿਕਾਇਤ ਤੋਂ ਬਾਅਦ ਗਲਤ ਤਰੀਕੇ ਨਾਲ ਗੱਲ ਕਰਦੇ ਹਨ।
