ਕਰਤਾਰਪੁਰ ਵਿਖੇ ਕੌਮੀ ਪੱਧਰ ''ਤੇ ਮਨਾਇਆ ਜਾਵੇਗਾ ਮਾਤਾ ਗੁਜਰੀ ਜੀ ਦੀ 400 ਸਾਲਾ ਜਨਮ ਸ਼ਤਾਬਦੀ ਸਮਾਗਮ

Tuesday, Oct 22, 2024 - 10:16 PM (IST)

ਕਰਤਾਰਪੁਰ, (ਸਾਹਨੀ)- ਕਰਤਾਰਪੁਰ ਦੀ ਇਤਿਹਾਸਕ ਧਰਤੀ ਤੇ ਜਗਤ ਮਾਤਾ ਗੁਜਰੀ ਜੀ ਦਾ 400 ਸਾਲਾ ਜਨਮ ਸ਼ਤਾਬਦੀ ਸਮਾਗਮ ਨੂੰ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਕੌਮੀ ਪੱਧਰ ਤੇ ਸ਼੍ਰੋਮਣੀ ਗੁਰਦੂਆਰਾ ਪ੍ਰੰਬਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮਣਾ ਰਹੀ ਹੈ। 

ਇਸ ਸੰਬਧੀ ਇਸ ਸ਼ਤਾਬਦੀ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀ ਅਤੇ ਛੇਵੀਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਲ ਵਿੱਚ ਸ਼੍ਰੋਮਣੀ ਗੁਰਦੂਆਰਾ ਪ੍ਰੰਬਧਕ ਕਮੇਟੀ ਦੇ ਜਰਨਲ ਸਕੱਤਰ ਸ. ਰਜਿੰਦਰ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਲਾਕੇ ਨਾਲ ਸੰਬਧਤ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ, ਕੁਲਵੰਤ ਸਿੰਘ ਮੰਨਣ, ਬੀਬੀ ਗੁਰਮੀਤ ਕੌਰ ਭਟਨੂਰਾ, ਪ੍ਰਿਤਪਾਲ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨਾਲ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ, ਕਰਤਾਰ ਸਿੰਘ ਇੰਚਾਰਜ, ਲਖਵੰਤ ਸਿੰਘ ਚੀਫ ਸਤਾਸੀ, ਬਲਵਿੰਦਰ ਸਿੰਘ ਤਿੰਮੋਵਾਲ ਗੁਰਦੂਆਰਾ ਮੈਨੇਜਰ ਜਸਵਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ। 

ਇਸ ਮੌਕੇ ਸ. ਮਹਿਤਾ ਦੇ ਦੱਸਿਆ ਕਿ ਜਗਤ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ 20 ਨਵੰਬਰ ਤੋ ਸ਼ੁਰੂ ਹੋਣਗੇ ਜਿਸ ਵਿੱਚ 20 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 21 ਨਵੰਬਰ ਦੀ ਸ਼ਾਮ ਤੋ ਕੀਰਤਨ ਦਰਬਾਰ ਹੋਣਗੇ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਕਥਾ ਵਾਚਕ ਸ਼ਿਰਕਤ ਕਰਨਗੇ ਅਤੇ 22 ਨਵੰਬਰ ਨੂੰ ਮੁੱਖ ਸਮਾਗਮ ਦਾ ਆਯੋਜਨ ਹੋਵੇਗਾ ਜਿਸ ਵਿੱਚ ਸ੍ਰੀ ਅਖੰਡ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਰਾਗੀ, ਢਾਡੀ, ਕਵੀਸ਼ਰੀ ਜਥੇ ਅਤੇ ਕਥਾ ਵਾਚਕ ਗੁਰੂ ਜਸ ਰਾਹੀਂ ਸੰਗਤਾਂ ਨੂੰ ਗੁਰੂ ਦੇ ਲੜ ਲਗਾਉਣਗੇ। 

ਇਸ ਮੌਕੇ ਪ੍ਰਮੁੱਖ ਸ਼ਕਸੀਅਤਾਂ ਵਲੋਂ ਵੀ ਹਾਜ਼ਰੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਸੰਬਧੀ ਮਾਤਾ ਗੁਜਰੀ ਜੀ ਦੇ ਜੀਵਨ ਤੇ ਆਧਾਰਿਤ ਇਕ ਟ੍ਰੈਕ ਡਾ. ਰਾਜਵਿੰਦਰ ਸਿੰਘ ਜੋਗਾ ਰਿਸਰਚ ਸਕਾਰਲ ਸਿੱਖ ਇਤਿਹਾਸ ਰਿਸਰਚ ਬੋਰਡ ਪਾਸੋਂ ਤਿਆਰ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਅਤੇ ਮੈਡੀਕਲ ਕੈਂਪ ਦੇ ਨਾਲ ਨਾਲ ਮਾਤਾ ਗੁਜਰੀ ਖਾਲਸਾ ਕਾਲਜ ਵਿਖੇ ਸੈਮੀਨਾਰ ਦਾ ਵੀ ਆਯੋਜਨ ਕੀਤਾ ਜਾਵੇਗਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਸੇਵਾ ਸੋਸਾਇਟੀ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਸਹਿਯੋਗ ਨਾਲ ਬੀਤੇ 10 ਵਰ੍ਹਿਆਂ ਤੋ ਲਗਾਤਾਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਦਾ ਵਿਆਹ ਪੁਰਬ ਬਹੁਤ ਹੀ ਵੱਡੇ ਪੱਧਰ ਤੇ ਮਣਾ ਰਹੀ ਹੈ ਅਤੇ ਇਸ ਸਾਲ ਸਮਾਗਮ ਵਿੱਚ ਪੁੱਜੇ ਸ਼੍ਰੋਮਣੀ ਗੁਰਦੂਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿੱਚ ਕਰਤਾਰਪੁਰ ਦੀ ਇਸ ਇਤਿਹਾਸਕ ਧਰਤੀ ਅਤੇ ਦੌਆਬਾ ਖੇਤਰ ਜੋ ਕਿ ਮਾਤਾ ਗੁਜਰੀ ਜੀ ਦਾ ਪੇਕੇ ਅਤੇ ਵਿਆਹ ਅਸਥਾਨ ਹੈ, ਵਿਖੇ 400 ਸਾਲਾ ਜਨਮ ਸ਼ਤਾਬਦੀ ਸਮਾਗਮ ਕਰਵਾਏ ਜਾਣ ਦਾ ਐਲਾਨ ਕੀਤਾ ਸੀ ਜੋ ਕਿ ਸਾਡੇ ਲਈ ਬੁਹਤ ਹੀ ਮਾਣ ਅਤੇ ਸਤਿਕਾਰ ਵਾਲੀ ਗੱਲ ਹੈ।

ਉਨ੍ਹਾਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ਾਮਲ ਹੋਰਨਾਂ ਵਿੱਚ ਗੁਰਦੀਪ ਸਿੰਘ ਰਣਜੀਤ ਸਿੰਘ ਰਾਣਾ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਰਿੰਕੂ, ਜਗਜੀਤ ਸਿੰਘ, ਰਛਪਾਲ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ ਗ੍ਰੰਥੀ, ਹਰੀਰਾਜ ਸਿੰਘ ਗ੍ਰੰਥੀ ਅਤੇ ਹੋਰ ਸ਼ਾਮਲ ਸਨ।


Rakesh

Content Editor

Related News