ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ

05/12/2023 6:28:06 PM

ਅੰਮ੍ਰਿਤਸਰ (ਜਸ਼ਨ/ਅਰੁਣ)- ਅੰਮ੍ਰਿਤਸਰ ਹੈਰੀਟੇਜ ਸਟਰੀਟ ਅਤੇ ਗੁਰੂ ਰਾਮਦਾਸ ਸਰਾਂ ਨੇੜੇ ਹੋਏ ਧਮਾਕਿਆਂ ’ਚ ਸ਼ਾਮਲ ਮੁਲਜ਼ਮਾਂ ਨੇ ਵੱਡਾ ਖ਼ੁਲਾਸਾ ਕੀਤਾ ਹੈ। ਪੁਲਸ ਵੱਲੋਂ ਪੁੱਛ-ਗਿੱਛ ਦੌਰਾਨ ਉਕਤ ਮੁਲਜ਼ਮਾਂ ਨੇ ਦੱਸਿਆ ਕਿ ਇਹ ਸਾਰਾ ਘਟਨਾਕ੍ਰਮ ਅੰਮ੍ਰਿਤਪਾਲ ਸਿੰਘ ’ਤੇ ਐੱਨ. ਐੱਸ. ਏ. ਲਗਾਉਣ ਦੇ ਵਿਰੋਧ ’ਚ ਕੀਤਾ ਹੈ। ਇਸ ਪੂਰੇ ਘਟਨਾਕ੍ਰਮ ਦਾ  ਮਾਸਟਰਮਾਈਂਡ ਆਜ਼ਾਦਵੀਰ ਸਿੰਘ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਕੱਟੜ ਸਮਰਥਕ ਹੈ। ਬੀਤੇ ਦਿਨ ਪੁਲਸ ਨੇ ਉਕਤ ਮੁਲਜ਼ਮਾਂ ਨੂੰ ਜ਼ਿਲ੍ਹਾ ਕਚਹਿਰੀ ਸਥਿਤ ਜੁਡੀਸ਼ੀਅਲ ਕੰਪਲੈਕਸ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਪੁਲਸ ਨੇ ਉਨ੍ਹਾਂ ਦਾ ਰਿਮਾਂਡ ਮੰਗਿਆ। ਮਾਣਯੋਗ ਜੱਜ ਨੇ ਸੁਣਵਾਈ ਕਰਦੇ ਹੋਏ ਉਕਤ ਮੁਲਜ਼ਮਾਂ ਨੂੰ 7 ਦਿਨਾਂ ਲਈ ਪੁਲਸ ਰਿਮਾਂਡ ’ਚ ਭੇਜਣ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਮਰੀਕ ਤੋਂ ਪਰਿਵਾਰ ਖ਼ਫ਼ਾ, ਦੁਖੀ ਹੋ ਕਹੀਆਂ ਇਹ ਗੱਲਾਂ

ਜ਼ਿਕਰਯੋਗ ਹੈ ਕਿ ਬੀਤੇ 4 ਦਿਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਅਤੇ ਗਲਿਆਰੇ ਵਿਚ ਹੋਏ ਧਮਾਕੇ ਦੇ 5 ਅਸਲ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੇ ਇਸ ਸਨਸਨੀਖੇਜ਼ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪ੍ਰੈੱਸ ਮਿਲਣੀ ਦੌਰਾਨ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਵਿਚ ਐੱਸ. ਜੀ. ਪੀ. ਸੀ. ਅਤੇ ਟਾਸਕ ਫੋਰਸ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ।

ਮੁਲਜ਼ਮਾਂ ਦੀ ਪਛਾਣ ਆਜ਼ਾਦ ਵੀਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਵਡਾਲਾ ਕਲਾਂ ਬਾਬਾ ਬਕਾਲਾ, ਅਮਰੀਕ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗੁਰਦਾਸਪੁਰ, ਸਾਹਿਬ ਸਿੰਘ ਵਾਸੀ ਗੇਟ ਹਕੀਮਾਂ, ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਵਾਸੀ 88 ਫੁੱਟ ਸੜਕ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮ ਅਮਰੀਕ ਸਿੰਘ ਦੀ ਪਤਨੀ ਨੂੰ ਵੀ ਪੁਲਸ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਸ ਦੀ ਜਾਂਚ ਚੱਲ ਰਹੀ ਹੈ ਕਿ ਕੀ ਉਸ ਦਾ ਇਸ ਸਾਰੇ ਘਟਨਾਕ੍ਰਮ ਨਾਲ ਸਬੰਧ ਹੈ ਜਾਂ ਨਹੀਂ?

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਖੁਸ਼ ਕੀਤਾ 'ਪਾਵਰਕੌਮ', ਅਪ੍ਰੈਲ ਮਹੀਨੇ 'ਚ ਸਬਸਿਡੀ ਤੋਂ ਵੱਧ ਮਿਲੀ ਅਦਾਇਗੀ

ਡੀ. ਜੀ. ਪੀ ਯਾਦਵ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਹੈਰੀਟੇਜ ਸਟ੍ਰੀਟ ਵਿਚ 2 ਧਮਾਕੇ ਹੋਏ ਸਨ, ਜਿਸ ਵਿੱਚੋਂ ਪਹਿਲਾ ਧਮਾਕਾ 6 ਮਈ ਅਤੇ ਦੂਜਾ 8 ਮਈ ਨੂੰ ਹੋਇਆ ਸੀ। ਪੁਲਸ ਤੰਤਰ ਇਸ ਮਾਮਲੇ ਦੀ ਪੂਰੀ ਗੰਭੀਰਤਾ ਦੇ ਨਾਲ ਜਾਂਚ ਕਰਨ ਵਿਚ ਲੱਗਾ ਸੀ। ਪੁਲਸ ਦੇ ਵੱਖ-ਵੱਖ ਦਸਤੇ ਇਸ ਮਾਮਲੇ ਨਾਲ ਜੁੜੇ ਹਰੇਕ ਪਹਿਲੂ ਨੂੰ ਬਰੀਕੀ ਨਾਲ ਖ਼ੰਗਾਲ ਰਹੇ ਸਨ। ਫਿਰ 10 ਮਈ ਦੀ ਰਾਤ 12 ਵਜੇ ਦੇ ਕਰੀਬ ਤੀਸਰਾ ਧਮਾਕਾ, ਜੋ ਗਲਿਆਰੇ ਨੇੜੇ ਹੋਇਆ ਤੋਂ ਬਾਅਦ ਪੁਲਸ ਦੀਆਂ ਟੀਮਾਂ ਨੇ ਐੱਸ. ਜੀ. ਪੀ. ਸੀ. ਟਾਸਕ ਫੋਰਸ ਦੀ ਮਦਦ ਨਾਲ ਬੜੇ ਹੀ ਤਕਨੀਕੀ ਢੰਗ ਨਾਲ ਇਨ੍ਹਾਂ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ 5 ਮੈਂਬਰੀ ਗਿਰੋਹ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ

ਡੀ. ਜੀ. ਪੀ. ਨੇ ਦੱਸਿਆ ਕਿ ਮੁਲਜ਼ਮ ਆਜ਼ਾਦਵੀਰ ਸਿੰਘ ਨੇ ਬੁੱਧਵਾਰ ਰਾਤ 12 ਵਜੇ ਦੇ ਕਰੀਬ ਸਰ੍ਹਾਂ ਦੇ ਬਾਥਰੂਮ ਵਿਚ ਜਾ ਕੇ ਪਿਛਲੇ ਪਾਸੇ ਪਾਰਕ ਵਿਚ ਧਮਾਕਾ ਕਰ ਦਿੱਤਾ। ਇਸ ਸਾਰੇ ਕਾਂਡ ਦਾ ਮਾਸਟਰਮਾਈਂਡ ਆਜ਼ਾਦਵੀਰ ਸਿੰਘ ਤੇ ਅਮਰੀਕ ਸਿੰਘ ਹਨ, ਜਿਨ੍ਹਾਂ ਨੇ ਸਰਾਂ ’ਚ ਰਹਿੰਦੇ ਹੋਏ ਦੇਸੀ ਬੰਬ ਬਣਾਏ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਪੁਲਸ ਨੇ ਇਕ ਕਿਲੋ 100 ਗ੍ਰਾਮ ਵਿਸਫ਼ੋਟਕ ਸਮੱਗਰੀ ਸਮੇਤ ਕੁਝ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਪਹਿਲਾਂ 2 ਧਮਾਕਿਆਂ ਦੀ ਗੱਲ ਵੀ ਮੰਨੀ ਹੈ। ਉਨ੍ਹਾਂ ਨੇ ਪਟਾਕੇ ਬਣਾਉਣ ਦਾ ਸਾਮਾਨ 5000 ਰੁਪਏ ’ਚ ਖ਼ਰੀਦਿਆ ਅਤੇ ਉਸ ’ਚ ਪੱਥਰ ਪਾ ਕੇ ਉਸ ’ਤੇ ਟ੍ਰਾਇਲ ਕੀਤਾ। ਟ੍ਰਾਇਲ ਸਫ਼ਲ ਹੋਣ ਤੋਂ ਬਾਅਦ ਉਨ੍ਹਾਂ ਨੇ ਪੋਟਾਸ਼ ਸਲਫ਼ਰ ਆਦਿ ਸਮੱਗਰੀ ਨਾਲ ਬੰਬ ਬਣਾਏ ਸਨ।

ਇਹ ਵੀ ਪੜ੍ਹੋ- ਥਾਣੇਦਾਰ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News