ਮੱਸਿਆ ਦੇ ਦਿਹਾੜੇ ’ਤੇ ਬਾਜ਼ਾਰਾਂ ’ਚ ਲੱਗੀ ਲੋਕਾਂ ਦੀ ਭੀੜ, ਜੰਮ ਕੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ

05/12/2021 4:56:36 PM

ਤਰਨਤਾਰਨ (ਗਲਹੋਤਰਾ) - ਮੱਸਿਆ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਵਲੋਂ ਤਾਂ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਕੋਵਿਡ ਨਿਯਮਾਂ ਵਿੱਚ ਕੁਝ ਖੁੱਲ੍ਹ ਦਿੱਤੀ ਸੀ। ਮਿਲੀ ਇਸ ਖੁੱਲ੍ਹ ਦੌਰਾਨ ਨਿਯਮਾਂ ਦੀਆਂ ਜਿੱਥੇ ਲੋਕਾਂ ਨੇ ਜੰਮ ਕੇ ਧੱਜੀਆਂ ਉਡਾਈਆਂ, ਉੱਥੇ ਪ੍ਰਸ਼ਾਸਨ ਨੇ ਵੀ ਢਿੱਲਾ-ਮੱਠਾ ਵਤੀਰਾ ਅਪਣਾਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪਵਨ ਕੁਮਾਰ ਮੁਰਾਦਪੁਰਾ ਪ੍ਰਧਾਨ ਸ਼੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਜ਼ਿਲ੍ਹਾ ਤਰਨਤਾਰਨ ਨੇ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਮਹਾਮਾਰੀ ’ਚ ਜਿੱਥੇ ਸਾਨੂੰ ਬਚ ਕੇ ਰਹਿਣ ਦੀ ਲੋੜ ਹੈ, ਉੱਥੇ ਲੋਕਾਂ ਵਲੋਂ ਨਿਯਮਾਂ ਦੀ ਖੁੱਲ੍ਹੇਆਮ ਉਡਾਈਆਂ ਜਾ ਰਹੀਆਂ ਧੱਜੀਆਂ ਨੂੰ ਦੇਖਦਿਆਂ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਲੋਕਾਂ ਵਿੱਚ ਕੋਰੋਨਾ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਡਰ ਜਾਂ ਭੈਅ ਨਹੀਂ। 

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਨੂਰਦੀ ਬਾਜ਼ਾਰ, ਮੇਨ ਜੀ.ਟੀ ਰੋਡ ’ਤੇ ਲੋਕਾਂ ਦੀਆਂ ਭੀੜਾਂ ਤਾਂ ਇੰਝ ਲੱਗੀਆਂ ਹੋਈਆਂ ਸਨ ਕਿ ਜਿਵੇਂ ਕੋਈ ਵੱਡਾ ਦਿਨ ਤਿਉਹਾਰ ਜਾਂ ਮੇਲਾ ਹੋਵੇ। ਉਨ੍ਹਾਂ ਕਿਹਾ ਕਿ ਇਸ ਭੀੜ-ਭੜੱਕੇ ਵਿੱਚ ਜ਼ਿਆਦਾਤਰ ਲੋਕ ਬਿਨਾਂ ਮਾਸਕ ਦੇ ਆ ਜਾ ਰਹੇ ਸਨ। ਸ਼ਹਿਰ ਵਿੱਚ ਟੈਂਪੂ, ਮੋਟਰਸਾਈਕਲ, ਕਾਰਾਂ ਆਦਿ ’ਤੇ ਭਰ-ਭਰ ਕੇ ਲੋਕ ਇੱਧਰ-ਉੱਧਰ ਆਉਂਦੇ ਜਾਂਦੇ ਹੋਏ ਆਮ ਵੇਖੇ ਜਾ ਰਹੇ ਸਨ। ਕਿੱਧਰੇ ਵੀ ਕੋਈ ਪੁਲਸ ਮੁਲਾਜ਼ਮ ਜਾਂ ਪੁਲਸ ਅਧਿਕਾਰੀ ਲੋਕਾਂ ਨੂੰ ਇਨ੍ਹਾਂ ਕੋਵਿਡ ਸਬੰਧੀ ਨਿਯਮਾਂ ਨੂੰ ਤੋੜਨ ਤੋਂ ਰੋਕ ਨਹੀਂ ਰਿਹਾ ਸੀ। ਪ੍ਰਧਾਨ ਪਵਨ ਮੁਰਾਦਪੁਰਾ ਨੇ ਕਿਹਾ ਕਿ ਜਦੋਂ ਦੋ ਵਜੇ ਦੇ ਕਰੀਬ ਦੁਕਾਨਾਂ ਬੰਦ ਕਰਨ ਦਾ ਟਾਈਮ ਹੋਇਆ ਤਾਂ ਇਹ ਪੁਲਸ ਅਧਿਕਾਰੀ ਤੇ ਮੁਲਾਜ਼ਮ ਹੂਟਰ ਮਾਰਦੇ ਹੋਏ ਪਤਾ ਨਹੀਂ ਕਿੱਧਰੋਂ ਪ੍ਰਗਟ ਹੋ ਗਏ ਤੇ ਦੁਕਾਨਦਾਰਾਂ ਨੂੰ ਦਬਕੇ ਮਾਰਦੇ ਹੋਏ ਦੁਕਾਨਾਂ ਬੰਦ ਕਰਵਾਉਣ ਬਾਰੇ ਕਹਿਣ ਲੱਗੇ। 

ਪੜ੍ਹੋ ਇਹ ਵੀ ਖਬਰ ਸ਼ਰਾਬੀ ਜਵਾਈ ਦਾ ਸ਼ਰਮਨਾਕ ਕਾਰਾ : ਦਾਜ ’ਚ ਗੱਡੀ ਨਾ ਮਿਲਣ ’ਤੇ ਸਹੁਰੇ ਪਰਿਵਾਰ ਦਾ ਚਾੜ੍ਹਿਆ ਕੁਟਾਪਾ (ਤਸਵੀਰਾਂ)

ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕਈ ਦੁਕਾਨਦਾਰ ਦੋ ਵਜੇ ਤੋਂ ਬਾਅਦ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਗ੍ਰਾਹਕਾਂ ਨੂੰ ਅੰਦਰ ਵਾੜ ਕੇ ਸਾਮਾਨ ਦੇ ਰਹੇ ਸਨ, ਜਿਸ ਵੱਲ ਪੁਲਸ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ। ਸ਼ਹਿਰ ਵਿੱਚ ਚੱਲਣ ਵਾਲੇ ਥ੍ਰੀ ਵ੍ਹੀਲਰ, ਟੈਂਪੂ ਸਵਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਤੁੰਨ-ਤੁੰਨ ਕੇ ਭਰ ਕੇ ਇੱਧਰ ਉੱਧਰ ਜਾਂਦੇ ਹੋਏ ਆਮ ਹੀ ਦੇਖੇ ਜਾ ਰਹੇ ਸਨ। ਪ੍ਰਧਾਨ ਮੁਰਾਦਪੁਰਾ ਨੇ ਕਿਹਾ ਕਿ ਜੇਕਰ ਆਮ ਲੋਕਾਂ ਦਾ ਵਰਤਾਰਾ ਇਸ ਤਰ੍ਹਾਂ ਦਾ ਹੀ ਰਿਹਾ ਤਾਂ ਇਸ ਕੋਰੋਨਾ ਮਹਾਮਾਰੀ ਤੋਂ ਭਿਆਨਕ ਨਤੀਜੇ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਪਵੇਗਾ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)


rajwinder kaur

Content Editor

Related News