ਦਕੋਹਾ 'ਚ ਤੋੜੀ ਮਸਜਿਦ, ਮਾਹੌਲ ਤਣਾਅਪੂਰਨ

10/11/2018 4:30:49 PM

ਜਲੰਧਰ (ਮਜ਼ਹਰ) — ਇਥੋਂ ਦੇ ਦਕੋਹਾ ਨੇੜੇ ਪਿੰਡ ਪੂਰਨਪੁਰ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੁਝ ਲੋਕਾਂ ਵੱਲੋਂ ਇਥੇ ਬਣੀ ਮਸਜਿਦ ਤੋੜ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਪੂਰਨਪੁਰ 'ਚ ਸਥਿਤ 1947 ਦੀ ਮਸਜਿਦ ਨੂੰ ਤੋੜ ਕੇ ਸਾਰੀ ਜਗ੍ਹਾ ਨੂੰ ਨੇੜੇ ਪੈਂਦੇ ਗੁਰਦੁਆਰੇ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸੇ ਦੌਰਾਨ ਪੰਜਾਬ ਵਕਫ ਬੋਰਡ ਮੈਂਬਰ ਕਲੀਮ ਆਜ਼ਾਦ ਨੂੰ ਸੂਚਨਾ ਮਿਲੀ। ਸੂਚਨਾ ਪਾ ਕੇ ਉਹ ਸਟੇਟ ਅਫਸਰ ਜਲੰਧਰ ਅਲੀ ਹਸਨ ਅਤੇ ਹੋਰ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਕੇ ਪੁੱਜੇ, ਜਿੱਥੇ ਦੇਖਿਆ ਗਿਆ ਕਿ 3 ਮਿੰਟਾਂ 'ਚ ਹੀ ਦੋ ਦੀਵਾਰਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ। ਪੁਲਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ 7 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਮੌਕੇ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। 

PunjabKesari

ਉਥੇ ਹੀ ਥਾਣਾ ਪਤਾਰਾ ਦੇ ਇੰਚਾਰਜ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਮਸਜ਼ਿਦ ਦੇ ਨਾਲ ਗੁਰਦੁਆਰਾ ਲੱਗਦਾ ਹੈ। ਗੁਰਦੁਆਰੇ ਵਾਲਿਆਂ ਨੇ ਬਗੈਰ ਵਕਫ ਬੋਰਡ ਦੀ ਇਜਾਜ਼ਤ ਦੇ ਕੰਮ ਸ਼ੁਰੂ ਕੀਤਾ ਹੋਇਆ ਸੀ, ਜਿਸ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਵਕਫ ਬੋਰਡ ਅਤੇ ਗੁਰਦੁਆਰਾ ਕਮੇਟੀ ਨਾਲ ਗੱਲਬਾਤ ਚੱਲ ਰਹੀ ਹੈ। ਉਥੇ ਹੀ ਗੁਰਦੁਆਰਾ ਪੱਖ ਨਾਲ ਗੱਲ ਕਰਨੀ ਚਾਹੀ ਤਾਂ ਨਹੀਂ ਹੋ ਸਕੀ। 

ਉਥੇ ਹੀ ਭਾਰੀ ਗਿਣਤੀ 'ਚ ਮੁਸਲਮਾਨ ਭਾਈਚਾਰੇ ਦੇ ਲੋਕ ਪਤਾਰਾ ਦੇ ਬਾਹਰ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਦੇ ਰਹੇ। ਕਲੀਮ ਆਜ਼ਾਦ ਨੇ ਕਿਹਾ ਕਿ ਮਸਜਿਦ ਨੂੰ ਪੂਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਿਆ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜੋ ਲੋਕ ਇਸ ਮਸਜਿਦ ਨੂੰ ਨੁਕਸਾਨ ਪਹੁੰਚਾਉਣ 'ਚ ਕਸੂਰਵਾਰ ਹਨ, ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਹੋਵੇ।


Related News