ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ਭਾਰਤ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ

Saturday, Jul 31, 2021 - 10:52 AM (IST)

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ਭਾਰਤ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ

ਜਦੋਂ ਵੀ ਮਹਾਨ ਸ਼ਹੀਦਾਂ ਦੀ ਗੱਲ ਚੱਲਦੀ ਹੈ ਤਾਂ ਊਧਮ ਸਿੰਘ ਦਾ ਨਾਂ ਦੇਸ਼ ਦੇ ਚੋਟੀ ਦੇ ਕੌਮੀ ਸ਼ਹੀਦਾਂ ਵਿੱਚ ਆਉਂਦਾ ਹੈ। ਊਧਮ ਸਿੰਘ ਦਾ ਅਸਲ ਨਾਂ ਸ਼ੇਰ ਸਿੰਘ ਸੀ। ਉਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਹੋਇਆ। ਸੁਨਾਮ ਉਸ ਸਮੇਂ ਪਟਿਆਲਾ ਰਿਆਸਤ ਦਾ ਇੱਕ ਹਿੱਸਾ ਹੋਇਆ ਕਰਦਾ ਸੀ। ਆਪ ਦੇ ਪਿਤਾ ਟਹਿਲ ਸਿੰਘ ਉਸ ਸਮੇਂ ਨੇੜੇ ਦੇ ਪਿੰਡ ਉਪਲੀ ਵਿਖੇ ਰੇਲਵੇ ਫ਼ਾਟਕ ’ਤੇ ਚੌਂਕੀਦਾਰ ਸਨ। ਸ਼ੇਰ ਸਿੰਘ ਅਜੇ ਸੱਤ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਸਦੇ ਸਿਰ ਉੱਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ। ਮਾਪਿਆਂ ਦੇ ਸਾਏ ਤੋਂ ਵਾਂਝੇ ਹੋ ਜਾਣ ਉਪਰੰਤ ਊਧਮ ਸਿੰਘ ਨੂੰ ਖਾਲਸਾ ਯਤੀਮਖ਼ਾਨਾ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ।

ਸੰਨ 1919 ਵਿੱਚ ਜਲ੍ਹਿਆਂਵਾਲਾ ਬਾਗ਼ ਦੇ ਹੱਤਿਆ ਕਾਂਡ ਦੇ ਫੱਟੜਾਂ ਦੀ ਸੇਵਾ ਉੱਤੇ ਲੱਗੇ ਹੋਣ ਕਾਰਨ ਸਾਰੀ ਦੁਰਘਟਨਾ ਦੀ ਦਰਦਨਾਕ ਝਾਕੀ ਉਸ ਦੀਆਂ ਅੱਖਾਂ ਅੱਗੋਂ ਦੀ ਲੰਘੀ, ਜਿਸਦਾ ਉਸ ਦੇ ਨਿਰਛਲ ਅਤੇ ਕੋਮਲ ਦਿਲ ਉੱਤੇ ਇਸ ਕਦਰ ਡੂੰਘਾ ਅਸਰ ਪਿਆ ਕਿ ਉਸ ਨੇ ਉਕਤ ਜ਼ੁਲਮ ਦਾ ਬਦਲਾ ਲੈਣ ਦੀ ਪੱਕੀ ਠਾਣ ਲਈ। ਇਹ ਵੀ ਕਿਹਾ ਜਾਂਦਾ ਹੈ ਕਿ ਲਾਸ਼ਾਂ ਦੇ ਢੇਰ ਵਿੱਚ ਖੜੋਕੇ ਉਸ ਨੇ ਪ੍ਰਣ ਕੀਤਾ ਕਿ ਮੈਂ ਗਵਰਨਰ ਓਡਵਾਇਰ ਨੂੰ ਮਾਰ ਕੇ ਇਸ ਜ਼ੁਲਮ ਦਾ ਬਦਲਾ ਲਵਾਂਗਾ। ਇਹੋ ਵਜ੍ਹਾ ਹੈ ਕਿ ਜਲ੍ਹਿਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਤੋਂ ਛੇਤੀ ਬਾਅਦ ਉਹ ਇਨਕਲਾਬੀਆਂ ਦੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਦੌਰਾਨ ਨੌਜਵਾਨ ਭਾਰਤ ਸਭਾ ਦਾ ਮੈਂਬਰ ਬਣ ਕੇ ਕੁਝ ਕੰਮ ਕੀਤੇ। ਇਸੇ ਵਿਚਕਾਰ ਇੱਕ ਠੇਕੇਦਾਰ ਦੀ ਸਹਾਇਤਾ ਨਾਲ ਊਧਮ ਮੈਕਸੀਕੋ ਰਾਹੀਂ ਅਮਰੀਕਾ ਜਾ ਪੁੱਜਾ। ਚੰਗਾ ਮਕੈਨਿਕ ਹੋਣ ਕਰਕੇ ਹਵਾਈ ਜਹਾਜ਼ਾਂ ਦੀ ਇੱਕ ਕੰਪਨੀ ਵਿੱਚ ਨੌਕਰ ਹੋ ਗਿਆ ਤੇ ਉੱਥੇ ਹੀ ਵਿਆਹ ਕੀਤਾ। ਛੇਤੀ ਹੀ ਉੱਥੇ ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਉਸ ਦਾ ਮੇਲ ਹੋ ਗਿਆ। ਦੇਸ਼ ਵਾਪਸੀ ’ਤੇ ਉਸ ਕੋਲੋਂ ਹਥਿਆਰ ਅਤੇ ਬੰਬ ਫੜੇ ਗਏ ਜਿਸ ਕਾਰਨ ਅੰਮ੍ਰਿਤਸਰ ਸਟੇਸ਼ਨ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਜੁਰਮ ਵਿੱਚ ਉਨ੍ਹਾਂ ਨੂੰ ਚਾਰ ਸਾਲ ਕੈਦ ਹੋਈ ਤੇ ਘਰ ਬਾਰ ਸਭ ਕੁਝ ਜ਼ਬਤ ਹੋ ਗਿਆ, 1931 ਵਿੱਚ ਰਿਹਾਅ ਹੋਣ ’ਤੇ ਉਹ ਇੱਕ ਵਾਰ ਫਿਰ ਆਪਣੀ ਜੱਦੀ ਰਿਹਾਇਸ਼ ਸੁਨਾਮ ਵਾਪਸ ਆ ਗਏ। ਪਰ ਸਥਾਨਿਕ ਪੁਲਸ ਦੁਆਰਾ ਪ੍ਰੇਸ਼ਾਨ ਕੀਤੇ ਜਾਣ ’ਤੇ ਉਹ ਫਿਰ ਅੰਮ੍ਰਿਤਸਰ ਵਾਪਸ ਚਲੇ ਗਏ ਅਤੇ ਜਾ ਕੇ ਸਾਈਨਬੋਰਡ ਪੇਂਟਰ ਦੀ ਦੁਕਾਨ ਖੋਲ੍ਹ ਲਈ ਅਤੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਇਹ ਉਹ ਨਾਂ ਸੀ ਜਿਸਦੀ ਵਰਤੋਂ ਇਸਨੇ ਬਾਅਦ ਵਿੱਚ ਇੰਗਲੈਂਡ ਵਿੱਚ ਕੀਤੀ ਸੀ। ਇਸ ਨਾਂ ਨੂੰ ਅਪਣਾਉਣ ਦਾ ਭਾਵ ਭਾਰਤ ਦੇ ਸਾਰੇ ਧਰਮਾਂ ਦੀ ਏਕਤਾ ਉੱਪਰ ਬਲ ਦੇਣਾ ਸੀ ਜੋ ਕਿ ਭਾਰਤੀ ਰਾਜਨੀਤਿਕ ਸੁਤੰਤਰਤਾ ਅੰਦੋਲਨ ਦਾ ਆਧਾਰ ਸੀ। ਇਸੇ ਦੌਰਾਨ ਆਪਣਾ ਨਾਂ ਤਬਦੀਲ ਕਰ ਮਹਾਦੀਪਾਂ ਵਿੱਚ ਘੁੰਮਦਾ ਘੁਮਾਉਂਦਾ ਇੰਗਲੈਂਡ ਜਾ ਪੁੱਜਾ। ਫਿਰ 1933 ਤੋਂ 1940 ਤਕ ਉੱਥੇ ਹੀ ਰਿਹਾ।

ਇਹ ਵੀ ਪੜ੍ਹੋ : ਮਰਯਾਦਾ ਦੀ ਉਲੰਘਣਾ ਦਾ ਮਾਮਲਾ: ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਦਿੱਤੇ ਅਸਤੀਫ਼ੇ

ਆਖਿਰ ਲੰਮੀ ਉਡੀਕ ਤੋਂ ਬਾਅਦ 13 ਮਾਰਚ 1940 ਨੂੰ ਉਹ ਘੜੀ ਵੀ ਆ ਗਈ ਜਿਸਦਾ ਉਸ ਨੂੰ ਸਾਲਾਂ ਤੋਂ ਇੰਤਜ਼ਾਰ ਸੀ। ਉਸ ਦਿਨ 4.30 ਵਜੇ ਕੈਕਸਟਨ ਹਾਲ, ਲੰਡਨ ਵਿੱਚ ਜਿੱਥੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਮੀਟਿੰਗ ਹੋ ਰਹੀ ਸੀ, ਊਧਮ ਸਿੰਘ ਨੇ ਆਪਣੀ ਪਿਸਤੌਲ ਤੋਂ ਮਾਈਕਲ ਓਡਵਾਇਰ ਉੱਤੇ, ਜੋ ਅੰਮ੍ਰਿਤਸਰ ਦੇ ਖੂਨੀ ਸਾਕੇ ਸਮੇਂ ਪੰਜਾਬ ਦਾ ਗਵਰਨਰ ਸੀ, ਪੰਜ-ਛੇ ਗੋਲ਼ੀਆਂ ਚਲਾਈਆਂ। ਓਡਵਾਇਰ ਦੇ ਦੋ ਗੋਲ਼ੀਆਂ ਲੱਗੀਆਂ ਤੇ ਜ਼ਮੀਨ 'ਤੇ ਡਿੱਗਦੇ ਸਾਰ ਹੀ ਮੌਤ ਦਾ ਸ਼ਿਕਾਰ ਹੋ ਗਿਆ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਭਾਰਤ ਲਈ ਵਿਦੇਸ਼ ਵਿਭਾਗ ਦਾ ਮੁਖੀ ਲਾਰਡ ਜੈੱਟਲੈਂਡ ਵੀ ਜ਼ਖ਼ਮੀ ਹੋਇਆ। ਊਧਮ ਸਿੰਘ ਨੂੰ ਤੁਰੰਤ ਉਸਦੀ ਧੂੰਆਂ ਛੱਡਦੀ ਪਿਸਤੌਲ ਸਮੇਤ ਫੜ੍ਹ ਲਿਆ ਗਿਆ। ਦਰਅਸਲ ਊਧਮ ਸਿੰਘ ਨੇ ਉੱਥੋਂ ਫ਼ਰਾਰ ਹੋਣ ਦਾ ਕੋਈ ਯਤਨ ਨਹੀਂ ਕੀਤਾ ਸਗੋਂ ਉਹ ਲਗਾਤਾਰ ਇਹੋ ਕਹਿੰਦਾ ਰਿਹਾ ਕਿ ਉਸਨੇ ਆਪਣੇ ਦੇਸ਼ ਵੱਲੋਂ ਲਗਾਈ ਗਈ ਸੇਵਾ ਪੂਰੀ ਕਰ ਦਿੱਤੀ ਹੈ।

ਊਧਮ ਸਿੰਘ ਵੱਲੋਂ ਮਾਈਕਲ ਓਡਵਾਇਰ ਦੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਦੱਸਿਆ । 

ਉਧਰ ਇਸ ਸਬੰਧ ਚ ਜਰਮਨ ਰੇਡੀਓ ਤੋਂ ਵਾਰ-ਵਾਰ ਇਹੋ ਨਸ਼ਰ ਹੁੰਦਾ ਰਿਹਾ ਕਿ “ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।” ਇਸ ਦੌਰਾਨ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸਦੀ ਨਿੰਦਾ ਕੀਤੀ। ਜਦ ਕਿ ਸੁਭਾਸ਼ ਚੰਦਰ ਬੋਸ ਨੇ ਊਧਮ ਸਿੰਘ ਦੇ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ।

ਊਧਮ ਸਿੰਘ ਦੀ ਸੂਰਮਗਤੀ ਵਾਲੀ ਦ੍ਰਿੜ੍ਹਤਾ ਇਸ ਗੱਲੋਂ ਹੀ ਪ੍ਰਮਾਣਿਤ ਹੁੰਦੀ ਹੈ ਕਿ ਉਸ ਨੇ ਮਾਈਕਲ ਓਡਵਾਇਰ ਦਾ ਕਤਲ ਕਰਨ ਮਗਰੋਂ ਆਪਣਾ ਜੁਰਮ ਕਬੂਲ ਕਰ ਕੇ ਖ਼ੁਦ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਤੇ ਇਸ ਤੋਂ ਬਾਅਦ ਉਹ ਹਿਰਾਸਤ ਵਿੱਚ ਲੈਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈੱਟਲੈਂਡ ਵੀ ਮਾਰਿਆ ਗਿਆ ਹੈ? ਉਹ ਵੀ ਮੌਤ ਦਾ ਹੱਕਦਾਰ ਸੀ। ਮੈਂ ਉਸ ਉੱਤੇ ਵੀ ਦੋ ਰੌਂਦ ਦਾਗੇ ਸਨ। ਊਧਮ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੰਦਿਆਂ ਕਿਹਾ ਕਿ “ਮੈਂ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਦਾ ਬਦਲਾ ਲੈ ਲਿਆ ਹੈ। ਮੈਂ ਆਪਣੇ ਦੇਸ਼ ਦੀ ਸ਼ਾਨ ਵਿਰੁੱਧ ਓਡਵਾਇਰ ਦਾ ਘ੍ਰਿਣਾ ਭਰਿਆ ਲੈਕਚਰ ਸਹਾਰ ਨਹੀਂ ਸਕਿਆ। ਮੈਂ ਜੋ ਕੁਝ ਕੀਤਾ ਹੈ ਆਪਣੇ ਦੇਸ਼ ਲਈ ਕੀਤਾ ਹੈ।”

ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ ਮਾਈਕਲ ਓਡਵਾਇਰ ਨੂੰ ਮਾਰਨ ਤਕ ਹੀ ਸੀਮਤ ਕਰ ਕੇ ਵੇਖਿਆ ਜਾਂਦਾ ਹੈ। ਉਸ ਦੀ ਇਨਕਲਾਬੀ ਸੋਚ ਨੂੰ ਅਕਸਰ ਅਣਡਿੱਠ ਕਰ ਦਿੱਤਾ ਜਾਂਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਊਧਮ ਸਿੰਘ, ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। ਇਹੋ ਵਜ੍ਹਾ ਹੈ ਕਿ ਉਹ 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਹਿੱਸਾ ਲੈਂਦੇ ਰਹੇ। ਉਨ੍ਹਾਂ ਦੇ ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਨ੍ਹਾਂ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸਨ। ਉਹ ਭਗਤ ਸਿੰਘ ਦੇ ਆਦੇਸ਼ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਏ ਸਨ ਅਤੇ ਆਪਣੇ ਨਾਲ 25 ਹੋਰ ਸਾਥੀ, ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ਵਿੱਚ ਵੀ ਕਾਮਯਾਬ ਹੋਏ। ਪ੍ਰੰਤੂ 30 ਅਗਸਤ 1927 ਨੂੰ ਊਧਮ ਨੂੰ ਪੁਲਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ 5 ਸਾਲ ਦੀ ਕੈਦ ਹੋਈ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਸਮੇਂ ਤਕ ਉਹ ਜੇਲ੍ਹ ਵਿੱਚ ਹੀ ਸਨ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸਖ਼ਤ ਚਿਤਾਵਨੀ

ਊਧਮ ਸਿੰਘ ਇੱਕ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦੇ ਮਾਲਕ ਸਨ। ਜਦੋਂ ਲੰਡਨ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਊਧਮ ਨੇ ਆਪਣਾ ਨਾਮ ‘ਮੁਹੰਮਦ ਸਿੰਘ ਆਜ਼ਾਦ’ ਦੱਸਿਆ ਸੀ। ਦਰਅਸਲ ਊਧਮ ਸਿੰਘ ਦੇ ਅਜਿਹੇ ਨਾਮ ਰੱਖਣ ਦਾ ਮਤਲਬ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਸੀ।

ਓਡਵਾਇਰ ਕਤਲ ਮਾਮਲੇ ਵਿੱਚ ਪਹਿਲੀ ਅਪਰੈਲ 1940 ਨੂੰ ਊਧਮ ਸਿੰਘ ਨੂੰ ਲੰਡਨ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਕਿ 4 ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਉਸ ਨੂੰ ਮਾਈਕਲ ਓਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ, ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ। ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ ਅਤੇ ਸਸਕਾਰ ਸੁਨਾਮ ਵਿਖੇ ਕੀਤਾ ਗਿਆ।

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ :9855259650 
Abbasdhaliwal72@gmail.com 


author

Harnek Seechewal

Content Editor

Related News