ਵਿਅਹੁਤਾ ਨੂੰ ਬੰਨ੍ਹ ਕੇ ਸੁੱਟਿਆ ਭਾਖੜਾ ''ਚ, ਪਿੰਡ ਵਾਸੀਆਂ ਨੇ ਕੱਢਿਆ ਬਾਹਰ

Thursday, Dec 21, 2017 - 10:29 PM (IST)

ਵਿਅਹੁਤਾ ਨੂੰ ਬੰਨ੍ਹ ਕੇ ਸੁੱਟਿਆ ਭਾਖੜਾ ''ਚ, ਪਿੰਡ ਵਾਸੀਆਂ ਨੇ ਕੱਢਿਆ ਬਾਹਰ

ਸਰਦੂਲਗੜ੍ਹ (ਚੋਪੜਾ)— ਹਰਿਆਣਾ ਦੇ ਕਸਬਾ ਰਤੀਆ ਦੀ ਇਕ ਔਰਤ ਨੂੰ ਸਹੁਰਾ ਪਰਿਵਾਰ ਵੱਲੋਂ ਬੰਨ੍ਹ ਕੇ ਪਿੰਡ ਰੋਜਾਂਵਾਲੀ ਕੋਲ ਭਾਖੜਾ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਕਾਫੀ ਕਿਲੋਮੀਟਰ ਦੂਰੋਂ ਪੰਜਾਬ ਦੇ ਪਿੰਡ ਫਤਿਹਪੁਰ ਦੇ ਕੁਝ ਨੌਜਵਾਨਾਂ ਨੇ ਨਹਿਰ 'ਚ ਛਾਲ ਮਾਰ ਕੇ ਬਾਹਰ ਕੱਢਿਆ। ਇਸ ਦੀ ਇਤਲਾਹ ਥਾਣਾ ਝੁਨੀਰ ਵਿਖੇ ਦਿੱਤੀ ਗਈ।
ਸਰਕਾਰੀ ਹਸਪਤਾਲ ਸਰਦੂਲਗੜ੍ਹ 'ਚ ਜ਼ੇਰੇ ਇਲਾਜ ਜਸਵੀਰ ਕੌਰ (46) ਵਾਸੀ ਰਤੀਆ ਨੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਉਸ ਤੋਂ ਜ਼ਬਰਦਸਤੀ ਗਲਤ ਕੰਮ ਕਰਵਾਉਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਘਰੇਲੂ ਝਗੜਾ ਰਹਿੰਦਾ ਸੀ ਅਤੇ ਇਸ ਸਬੰਧੀ ਮਾਮਲਾ ਥਾਣਾ ਰਤੀਆ 'ਚ ਵਿਚਾਰ ਅਧੀਨ ਹੈ। ਪੀੜਤਾ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਅਸੀਂ ਥਾਣਾ ਰਤੀਆ ਵਿਖੇ ਇਕੱਠੇ ਹੋਏ ਤਾਂ ਵਾਪਸੀ 'ਚ ਮੇਰੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਮੇਰੇ ਹੱਥ ਬੰਨ੍ਹ ਕੇ ਭਾਖੜਾ ਨਹਿਰ 'ਚ ਸੁੱਟ ਦਿੱਤਾ। ਕਰੀਬ ਅੱਧੀ ਰਾਤ ਨੂੰ ਪਿੰਡ ਫਤਿਹਪੁਰ ਦੇ ਨੌਜਵਾਨ ਜੋ ਕਿ ਨਹਿਰ ਦੇ ਨਜ਼ਦੀਕ ਬਣੀ ਢਾਣੀ 'ਚ ਧਾਰਮਕ ਸਮਾਗਮ 'ਚ ਸ਼ਾਮਲ ਸਨ ਨੇ ਮੇਰੀ ਆਵਾਜ਼ ਸੁਣ ਕੇ ਮੈਨੂੰ ਨਹਿਰ 'ਚੋਂ ਬਾਹਰ ਕੱਢ ਕੇ ਮੇਰੀ ਜਾਨ ਬਚਾਈ। ਇਸ ਸਬੰਧੀ ਥਾਣਾ ਝੁਨੀਰ ਦੇ ਐੱਸ. ਐੱਚ. ਓ. ਇੰਸਪੈਕਟਰ ਹਰਪਾਲ ਸਿੰਘ ਟਿਵਾਣਾ ਨੇ ਦੱਸਿਆ ਕਿ ਉਕਤ ਮਾਮਲਾ ਰਤੀਆ ਥਾਣੇ ਨਾਲ ਸਬੰਧਤ ਹੈ, ਜਿਸ ਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।


Related News