ਝਾੜੀਆਂ ਹੇਠੋਂ ਬਰਾਮਦ ਹੋਏ ਲੁਟੇਰਿਆਂ ਵੱਲੋਂ ਲੁੱਟੇ ਗਹਿਣੇ ਤੇ ਕਿਰਪਾਨ
Saturday, Jul 18, 2026 - 04:03 PM (IST)
ਔੜ/ਚੱਕਦਾਨਾ (ਛਿੰਜੀ ਲੜੋਆ)-ਨਿਹੰਗ ਸਿੰਘ ਦੇ ਬਾਣੇ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ 'ਚ ਇਕ ਹੋਰ ਅਹਿਮ ਸਫ਼ਲਤਾ ਹਾਸਲ ਹੋਈ ਹੈ। ਔੜ ਪੁਲਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਸਿਮਰਨਜੀਤ ਸਿੰਘ ਉਰਫ਼ ਜਬਰਜੰਗ ਸਿੰਘ (ਨਿਹੰਗ ਸਿੰਘ ਬਾਣੇ ਵਿੱਚ) ਅਤੇ ਹਰਦੀਪ ਸਿੰਘ ਉਰਫ਼ ਦੀਪਾ ਵਾਸੀ ਪਿੰਡ ਮੰਡੀ (ਨੇੜੇ ਅੱਪਰਾ) ਨੇ ਪੁੱਛਗਿੱਛ ਦੌਰਾਨ ਪਿੰਡ ਉੜਾਪੜ ਦੀ ਰਹਿਣ ਵਾਲੀ ਹਰਜਿੰਦਰ ਕੌਰ ਪਤਨੀ ਰਣਜੀਤ ਸਿੰਘ ਨਾਲ ਕੀਤੀ ਗਈ ਲੁੱਟ ਦੀ ਵਾਰਦਾਤ ਕਬੂਲ ਕਰ ਲਈ।
ਇਸ ਸਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਹਰਜਿੰਦਰ ਸਿੰਘ, ਏ. ਐੱਸ. ਆਈ. ਸੰਦੀਪ ਸਿੰਘ ਅਤੇ ਐੱਸ. ਆਈ. ਹੁਸਨ ਲਾਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਉਕਤ ਔਰਤ ਦੇ ਲੁੱਟੇ ਗਏ ਸੋਨੇ ਦੇ ਗਹਿਣੇ ਅਤੇ ਵਾਰਦਾਤ 'ਚ ਵਰਤੀ ਗਈ ਕਿਰਪਾਨ ਨੂੰ ਪਿੰਡ ਮੰਡੀ ਕੋਲੋਂ ਲੰਘਦੀ ਨਹਿਰ ਦੇ ਨੇੜੇ ਇੱਟਾਂ ਵਾਲੇ ਰਸਤੇ ਦੀਆਂ ਝਾੜੀਆਂ ਵਿੱਚ ਲੁਕਾ ਕੇ ਰੱਖਿਆ ਗਿਆ ਸੀ। ਪੁਲਸ ਵੱਲੋਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕੀਤੀ ਗਈ ਤਲਾਸ਼ੀ ਦੌਰਾਨ ਝਾੜੀਆਂ ਹੇਠੋਂ ਦੋ ਜੋੜੀਆਂ ਸੋਨੇ ਦੀਆਂ ਵਾਲੀਆਂ, ਇਕ ਨੱਕ 'ਚ ਪਾਉਣ ਵਾਲੀ ਸੋਨੇ ਦੀ ਨੱਥ ਅਤੇ ਲੁੱਟ 'ਚ ਵਰਤੀ ਗਈ ਕਿਰਪਾਨ ਬਰਾਮਦ ਕਰ ਲਈ ਗਈ,ਹਾਲਾਂਕਿ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ ਜਿਸਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ: PM ਮੋਦੀ ਦੀ ਜਲੰਧਰ ਫੇਰੀ: ਦੋਆਬਾ ਬਣਿਆ ਭਾਜਪਾ ਲਈ 'ਲਾਂਚਿੰਗ ਪੈਡ', ਪੂਰੇ ਪੰਜਾਬ 'ਤੇ ਫੌਕਸ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਮੁਲਜ਼ਮ ਹਰਦੀਪ ਸਿੰਘ ਉਰਫ਼ ਦੀਪਾ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਉੱਥੇ ਹੀ ਸਿਮਰਨਜੀਤ ਸਿੰਘ ਉਰਫ਼ ਜਬਰਜੰਗ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਹਿਲਾਂ ਨਿਹੰਗ ਸਿੰਘ ਫੌਜਾਂ ਨਾਲ ਸੇਵਾ ਕਰਦਾ ਸੀ ਪਰ ਨਸ਼ੇ ਦੀ ਲਤ ਲੱਗ ਜਾਣ ਕਾਰਨ ਉਹ ਗਲਤ ਰਸਤੇ 'ਤੇ ਪੈ ਗਿਆ ਅਤੇ ਨਸ਼ੇ ਦੀ ਪੂਰਤੀ ਲਈ ਲੁੱਟ ਨੂੰ ਅੰਜਾਮ ਦੇ ਦਿੱਤਾ।
ਦੂਜੇ ਪਾਸੇ ਲੁੱਟ ਦਾ ਸ਼ਿਕਾਰ ਹੋਈ ਹਰਜਿੰਦਰ ਕੌਰ ਨੇ ਕਿਹਾ ਕਿ ਲੁੱਟ ਤੋਂ ਤੁਰੰਤ ਬਾਅਦ ਉਸ ਦੇ ਪਰਿਵਾਰ ਵੱਲੋਂ ਹਿੰਮਤ ਵਿਖਾਉਂਦਿਆਂ ਲੁਟੇਰਿਆਂ ਦਾ ਲਗਾਤਾਰ ਪਿੱਛਾ ਕੀਤਾ ਗਿਆ ਅਤੇ ਜਾਣਕਾਰੀ ਮਿਲਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਔੜ ਪੁਲਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਕਾਰਵਾਈ 'ਚ ਦੇਰੀ ਹੋ ਜਾਂਦੀ ਤਾਂ ਲੁਟੇਰੇ ਗਹਿਣੇ ਵੇਚ ਕੇ ਨਸ਼ੇ ਲਈ ਪੈਸੇ ਇਕੱਠੇ ਕਰ ਲੈਂਦੇ ਅਤੇ ਉਨ੍ਹਾਂ ਦਾ ਹੋਇਆ ਨੁਕਸਾਨ ਕਦੇ ਵੀ ਪੂਰਾ ਨਹੀਂ ਹੋਣਾ ਸੀ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ ਦੇ 15 PPS ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ, ਲਿਸਟ 'ਚ ਵੇਖੋ ਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
