ਵਿਆਹੁਤਾ ਨੇ ਕੀਤੀ ਆਤਮ-ਹੱਤਿਆ

12/09/2017 7:20:30 AM

ਸੁਲਤਾਨਪੁਰ ਲੋਧੀ, (ਧੀਰ, ਸੋਢੀ, ਜੋਸ਼ੀ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਵਿਆਹੀ ਹੋਈ ਲੜਕੀ ਦੀ ਆਤਮ-ਹੱਤਿਆ ਦੇ ਮਾਮਲੇ ਸਬੰਧੀ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਜਵਾਈ ਖਿਲਾਫ ਕੇਸ ਦਰਜ ਕੀਤਾ ਹੈ।
ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਤਾ ਜਸਵੀਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਸਿਨੇਮਾ ਰੋਡ ਨੇ ਬਿਆਨ ਦਰਜ ਕਰਵਾਏ ਹਨ ਕਿ ਮੇਰੀ ਬੇਟੀ ਲਵਪ੍ਰੀਤ ਕੌਰ ਉਰਫ ਸੋਨੂੰ, ਜਿਸਦੀ ਉਮਰ (20) ਸਾਲ ਦੇ ਕਰੀਬ ਹੈ ਜਿਸ ਨੇ ਆਪਣੀ ਮਰਜ਼ੀ ਨਾਲ 2 ਸਾਲ ਪਹਿਲਾਂ ਸਵਰਨ ਸਿੰਘ ਉਰਫ ਸੋਨੂੰ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਨਾਲ ਲਵ ਮੈਰਿਜ ਕਰਵਾਈ ਸੀ। ਉਸਨੇ ਇਕ ਬੇਟੇ ਨੂੰ ਜਨਮ ਦਿੱਤਾ। ਉਸਨੇ ਦੱਸਿਆ ਕਿ ਮੇਰਾ ਜਵਾਈ ਮੇਰੀ ਲੜਕੀ ਨੂੰ ਹਮੇਸ਼ਾ ਕੁੱਟਦਾ-ਮਾਰਦਾ ਰਹਿੰਦਾ ਸੀ ਤੇ ਹੁਣ 7 ਦਸੰਬਰ ਨੂੰ ਵੀ ਮੇਰੀ ਲੜਕੀ ਨੂੰ ਉਸਨੇ ਕੁੱਟਿਆ ਤੇ ਉਸਨੇ ਸਾਨੂੰ ਫੋਨ ਕੀਤਾ ਤਾਂ ਮੇਰੀ ਵੱਡੀ ਲੜਕੀ ਉਸ ਨੂੰ ਆ ਕੇ ਸਹੁਰੇ ਘਰ ਤੋਂ ਲੈ ਆਈ।
ਬਾਅਦ 'ਚ ਮੇਰਾ ਜਵਾਈ ਤੇ ਉਸਦੀਆਂ ਭੈਣਾਂ ਸਾਡੇ ਘਰ ਆਈਆਂ ਤੇ ਮੇਰੀ ਲੜਕੀ ਲਵਪ੍ਰੀਤ ਨੂੰ ਆਪਣੇ ਨਾਲ ਘਰ ਲੈ ਗਈਆਂ। ਮੇਰੇ ਜਵਾਈ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਤੇ ਉਹ ਦਿਨ-ਰਾਤ ਮੇਰੀ ਬੇਟੀ ਨੂੰ ਆਪਣੇ ਮਾਤਾ-ਪਿਤਾ ਤੋਂ 1 ਲੱਖ ਰੁਪਏ ਤੇ ਅਲਮਾਰੀ ਲੈ ਕੇ ਆਉਣ ਨੂੰ ਕਹਿੰਦਾ ਸੀ।
ਅੱਜ ਸਵੇਰੇ ਮੇਰੇ ਜਵਾਈ ਦਾ ਫੋਨ ਆਇਆ ਕਿ ਲਵਪ੍ਰੀਤ ਠੀਕ ਨਹੀਂ ਹੈ ਤੇ ਆ ਕੇ ਉਸਨੂੰ ਦਵਾਈ ਲਿਆ ਦਿਓ ਤੇ ਜਦੋਂ ਮੈਂ ਤੇ ਮੇਰੀ ਬੇਟੀ ਅਮਨਪ੍ਰੀਤ 
ਕੌਰ ਉਸਦੇ ਸੁਹਰੇ ਘਰ ਆਈਆਂ ਤਾਂ ਸਾਨੂੰ ਪਤਾ ਲੱਗਾ ਕਿ ਲਵਪ੍ਰੀਤ ਕੌਰ ਨੇ 
ਗਾਡਰ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। 
ਕੀ ਕਹਿੰਦੀ ਹੈ ਪੁਲਸ- ਇਸ ਮਾਮਲੇ ਸਬੰਧੀ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਮਰਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਸਵਰਨ ਸਿੰਘ ਉਰਫ ਸੋਨੂੰ ਖਿਲਾਫ 306 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।


Related News