ਵਿਆਹ ਤੋਂ 15 ਦਿਨ ਪਹਿਲਾਂ ਲੜਕੇ ਦਾ ਕਤਲ! (ਵੀਡੀਓ)

Monday, Mar 04, 2019 - 06:55 PM (IST)

ਨਵਾਂਸ਼ਹਿਰ/ਬਲਾਚੌਰ (ਤ੍ਰਿਪਾਠੀ/ ਬੈਂਸ) : ਬਲਾਚੌਰ ਕਸਬੇ 'ਚ 19 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਹੈ। ਮੌਕੇ 'ਤੇ ਦਿੱਤੀ ਜਾਣਕਾਰੀ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਡੇਰੇ 'ਤੇ ਪਸ਼ੂ ਰੱਖ ਕੇ ਦੁੱਧ ਵੇਚਣ ਦਾ ਧੰਦਾ ਕਰਦੇ ਹਨ। ਐਤਵਾਰ ਸਵੇਰੇ ਉਨ੍ਹਾਂ ਦਾ ਲੜਕਾ ਮਸ਼ਰੂਮ ਉਰਫ ਮਸਰੂ (19)  ਪੁੱਤਰ ਬਿੱਲੂ ਸਵੇਰੇ 4 ਵਜੇ ਦੇ ਕਰੀਬ ਖੇਤਾਂ 'ਚ ਜੰਗਲ-ਪਾਣੀ ਲਈ ਗਿਆ ਸੀ ਪਰੰਤੂ ਜਦੋਂ ਉਹ ਕਾਫੀ ਸਮੇਂ ਤਕ ਵਾਪਿਸ ਨਹੀਂ ਆਇਆ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਭਾਲ ਦੌਰਾਨ ਉਸ ਨੂੰ ਉਸਦਾ ਕੰਬਲ ਤੇ ਚੱਪਲ ਮਿਲੀ। ਥੋੜ੍ਹਾ ਅੱਗੇ ਜਾਣ 'ਤੇ ਉਸ ਨੂੰ ਧੂਹਣ ਦੇ ਨਿਸ਼ਾਨ ਮਿਲੇ, ਜਿਸਦਾ ਪਿੱਛਾ ਕਰਨ 'ਤੇ ਜਦੋਂ ਉਹ ਅੱਗੇ ਗਿਆ ਤਾਂ ਇਕ ਥਾਂ 'ਤੇ ਉਸਦੇ ਪੁੱਤਰ ਦੇ ਪੈਰਾਂ ਦਾ ਅੰਗੂਠਾ ਜ਼ਮੀਨ ਤੋਂ ਬਾਹਰ ਨਿਕਲਿਆ ਦਿਖਾਈ ਦਿੱਤਾ। 
ਮਿੱਟੀ ਨੂੰ ਹਟਾਉਣ 'ਤੇ ਟੋਏ 'ਚ ਮਸ਼ਰੂਮ ਪਿਆ ਸੀ, ਜਿਸ ਨੂੰ ਮਿੱਟੀ ਹਟਾ ਕੇ ਬਾਹਰ ਕੱਢਿਆ ਤਾ ਉਸਦਾ ਸਰੀਰ ਗਰਮ ਸੀ। ਸ਼ੰਕਾ ਦੱਸੀ ਜਾ ਰਹੀ ਹੈ ਕਿ ਮਸ਼ਰੂਮ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਵਿਰਲਾਪ ਕਰਦੇ ਹੋਏ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਦਾ 15 ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ ਤੇ ਘਰ 'ਚ ਖੁਸ਼ੀ ਦਾ ਮਾਹੌਲ ਸੀ। 
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਸ  ਸਬੰਧੀ ਤੁਰੰਤ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ, ਐੱਸ. ਐੈੱਚ. ਓ. ਤੇ ਸੀ.ਆਈ.ਏ.ਇੰਚਾਰਜ ਅਜੀਤਪਾਲ ਸਿੰਘ ਸਮੇਤ ਹੋਰ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।


author

Gurminder Singh

Content Editor

Related News