ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਮਾਤਮ ''ਚ ਬਦਲੀਆਂ ਖੁਸ਼ੀਆਂ

03/25/2019 6:35:42 PM

ਬਲਾਚੌਰ (ਅਸ਼ਵਨੀ) : ਆਪਣੇ ਵੱਡੇ ਬੇਟੇ ਦੇ 10 ਅਪ੍ਰੈਲ ਨੂੰ ਹੋਣ ਵਾਲੇ ਵਿਆਹ ਦੇ ਕਾਰਡ ਦੇ ਕੇ ਆ ਰਹੀ ਮਹਿਲਾ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਚੌਰ ਦੇ ਵਾਰਡ 13 ਮਹਿੰਦੀਪੁਰ ਨਿਵਾਸੀ ਬਲਜੀਤ ਕੌਰ ਪਤਨੀ ਸਵ. ਰਘੁਵੀਰ ਸਿੰਘ ਆਪਣੇ ਛੋਟੇ ਬੇਟੇ ਸੁਖਵਿੰਦਰ ਸਿੰਘ ਨਾਲ ਜਿੰਨ ਕਾਰ 'ਚ ਚੰਡੀਗੜ੍ਹ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਦੇਣ ਗਈ ਸੀ। ਦੇਰ ਰਾਤ ਵਾਪਸ ਆਉਂਦੇ ਹੋਏ ਜਦੋਂ ਉਨ੍ਹਾਂ ਦੀ ਕਾਰ ਬਲਾਚੌਰ ਤੋਂ 2 ਕਿਲੋਮੀਟਰ ਫੌਜੀ ਢਾਬਾ ਨੇੜੇ ਪੁੱਜੀ ਤਾਂ ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਅੱਧੀ ਰਾਤ ਹੋਣ ਕਰ ਕੇ ਟੱਕਰ ਮਾਰਨ ਵਾਲਾ ਵਾਹਨ ਫਰਾਰ ਹੋ ਗਿਆÎ। ਸਿੱਟੇ ਵਜੋਂ ਕਾਰ ਦੀ ਅਗਲੀ ਸੀਟ 'ਤੇ ਬੈਠੀ ਬਲਜੀਤ ਕੌਰ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਕਾਰ ਚਲਾ ਰਿਹਾ ਉਸ ਦਾ ਬੇਟਾ ਸੁਖਵਿੰਦਰ ਸਿੰਘ ਵਾਲ-ਵਾਲ ਬਚ ਗਿਆ। 
ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਮ੍ਰਿਤਕਾ ਬਲਜੀਤ ਕੌਰ ਨੂੰ ਕਾਰ ਕੱਟ ਕੇ ਬਾਹਰ ਕੱਢਣਾ ਪਿਆ। ਬਲਜੀਤ ਕੌਰ ਦੇ ਜਿਸ ਬੇਟੇ ਗੁਰਵਿੰਦਰ ਸਿੰਘ ਦਾ ਵਿਆਹ ਸੀ, ਉਹ ਆਸਟ੍ਰੇਲੀਆ ਰਹਿੰਦਾ ਹੈ। ਅਜੇ ਉਸ ਨੇ ਇੱਥੇ ਆਉਣਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬਲਾਚੌਰ ਦੀ ਪੁਲਸ ਘਟਨਾ ਵਾਲੀ ਥਾਂ ਪੁੱਜੀ। ਮ੍ਰਿਤਕਾ ਦੀ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News