ਮੈਰਿਜ ਪੈਲੇਸ ''ਚ ਅੱਗ ਲੱਗਣ ਨਾਲ ਕੁਰਸੀਆਂ, ਟੇਬਲ ਤੇ ਮੈਟ ਸੜ ਕੇ ਸੁਆਹ

Monday, Feb 05, 2018 - 01:22 AM (IST)

ਮੈਰਿਜ ਪੈਲੇਸ ''ਚ ਅੱਗ ਲੱਗਣ ਨਾਲ ਕੁਰਸੀਆਂ, ਟੇਬਲ ਤੇ ਮੈਟ ਸੜ ਕੇ ਸੁਆਹ

ਜ਼ੀਰਕਪੁਰ (ਗੁਰਪ੍ਰੀਤ)— ਜ਼ੀਰਕਪੁਰ-ਪੰਚਕੂਲਾ ਹਾਈਵੇ 'ਤੇ ਸਥਿਤ ਇਕ ਮੈਰਿਜ ਪੈਲੇਸ 'ਚ ਐਤਵਾਰ ਸ਼ਾਮ ਅਚਾਨਕ ਅੱਗ ਲਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੰਚਕੂਲਾ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। 
ਜਾਣਕਾਰੀ ਮੁਤਾਬਕ ਔਰਾ ਗਾਰਡਨ ਮੈਰਿਜ ਪੈਲੇਸ ਦੇ ਅੰਦਰ ਸ਼ਾਮ ਕਰੀਬ ਸਾਢੇ 7 ਵਜੇ ਬਿਜਲੀ ਦੀਆਂ ਤਾਰਾਂ 'ਚ ਅਚਾਨਕ ਸ਼ਾਰਟ ਸਰਕਟ ਹੋ ਗਿਆ। ਇਸ ਨਾਲ ਨਿਕਲੀਆਂ ਅੱਗ ਦੀਆਂ ਚੰਗਿਆੜੀਆਂ ਨਾਲ ਉਥੇ ਬਣੀ ਲੱਕੜ ਦੀ ਛੱਤ ਨੂੰ ਅੱਗ ਲਗ ਗਈ ਅਤੇ ਦੇਖਦੇ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਛੱਤ ਦੇ ਨਾਲ-ਨਾਲ ਉਸ ਦੇ ਥੱਲੇ ਪਈਆਂ ਕੁਰਸੀਆਂ, ਟੇਬਲ, ਮੈਟ ਤੇ ਹੋਰ ਸਾਮਾਨ ਵੀ ਅੱਗ ਦੀ ਲਪੇਟ 'ਚ ਆ ਕੇ ਸੜ ਗਿਆ। ਅੱਗ ਲੱਗਣ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਤੁਰੰਤ ਫਾਇਰ ਬ੍ਰਿਗੇਡ ਤੇ ਢਕੌਲੀ ਪੁਲਸ ਨੂੰ ਦਿੱਤੀ ਗਈ। 
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਤੁਰੰਤ ਨੇੜੇ ਦੇ ਖੇਤਰ ਨੂੰ ਖਾਲੀ ਕਰਵਾਇਆ ਅਤੇ ਪੰਚਕੂਲਾ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਣੀ ਨਾਲ ਅੱਗ 'ਤੇ ਕਾਬੂ ਪਾਇਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਤਵਾਰ ਨੂੰ ਉਕਤ ਪੈਲੇਸ 'ਚ ਇਕ ਵਿਆਹ ਨੂੰ ਲੈ ਕੇ ਸਮਾਗਮ ਸੀ। ਪੁਲਸ ਅਨੁਸਾਰ ਸਮਾਗਮ ਦਾ ਸਮਾਂ ਸਾਢੇ 8 ਵਜੇ ਸੀ, ਇਸ ਲਈ ਘਟਨਾ ਦੇ ਸਮੇਂ ਕੋਈ ਪੈਲੇਸ 'ਚ ਮੌਜੂਦ ਨਹੀਂ ਸੀ।


Related News