ਤਰਨਤਾਰਨ ਦੀ ਕੁੜੀ ਨੇ ਕੀਤਾ ਵੱਡਾ ਕਾਂਡ, ਕਰਤੂਤ ਅਜਿਹੀ ਕਿ ਸੁਣ ਨਹੀਂ ਹੋਵੇਗਾ ਯਕੀਨ

09/24/2016 6:32:11 PM

ਭਾਮੀਆਂ ਕਲਾਂ (ਜਗਮੀਤ) : ਵਿਆਹ ਦਾ ਲਾਰਾ ਲਾ ਕੇ ਜਾਂ ਫਿਰ ਵਿਆਹ ਕਰਵਾ ਕੇ ਠੱਗੀਆਂ ਮਾਰਨ ਦੇ ਦੋਸ਼ ਹੁਣ ਤੱਕ ਮੁੰਡਿਆਂ ''ਤੇ ਹੀ ਲੱਗਦੇ ਰਹੇ ਹਨ, ਜਿਸ ਕਾਰਨ ਪੁਲਸ ਵਿਭਾਗ ਦੇ ਰਿਕਾਰਡ ''ਚ ਅਨੇਕਾਂ ਹੀ ਅਜਿਹੇ ਮਾਮਲੇ ਦਰਜ ਹਨ, ਜਿਥੇ ਲੜਕੇ ਵੱਲੋਂ ਲੜਕੀ ਪਰਿਵਾਰ ਨੂੰ ਗੁੰਮਰਾਹ ਕਰਕੇ ਠੱਗਣ ਦੇ ਦੋਸ਼ ਲੱਗੇ ਹੋਏ ਹਨ ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਜੇਲ ''ਚ ਪਹਿਲਾਂ ਹੀ ਧੋਖਾਦੇਹੀ ਦੇ ਦੋਸ਼ਾਂ ''ਚ ਬੰਦ ਇਕ ਲੜਕੀ ਨੇ ਆਪਣੀ ਚਲਾਕੀ ਨਾਲ ਆਪਣੇ ਇਕ ਹੋਰ ਸਾਥੀ ਦੀ ਮਦਦ ਨਾਲ ਜੇਲ ''ਚ ਹੀ ਬੰਦ ਇਕ ਔਰਤ ਨੂੰ ਵਿਦੇਸ਼ਾਂ ਦੇ ਵੱਡੇ-ਵੱਡੇ ਸੁਪਨੇ ਵਿਖਾ ਕੇ ਉਸਦੇ ਭਾਣਜੇ ਨਾਲ ਵਿਆਹ ਕਰਵਾਉਣ ਦੇ ਬਾਅਦ ਲੱਖਾਂ ਰੁਪਏ ਠੱਗ ਲਏ ਅਤੇ ਫਰਾਰ ਹੋ ਗਈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਬਾਅਦ ਜਮਾਲਪੁਰ ਪੁਲਸ ਨੇ ਉਕਤ ਲੜਕੀ ਅਤੇ ਉਸਦੇ ਸਾਥੀ ਖਿਲਾਫ ਧੋਖਾਦੇਹੀ ਅਤੇ ਇੰਮੀਗ੍ਰੇਸ਼ਨ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਏ. ਐੱਸ. ਆਈ. ਬਲਵੀਰ ਸਿੰਘ ਚੌਕੀ ਇੰਚਾਰਜ ਮੂੰਡੀਆਂ ਕਲਾਂ ਨੇ ਦੱਸਿਆ ਕਿ ਪਿੰਡ ਮੂੰਡੀਆਂ ਕਲਾਂ, ਲੁਧਿਆਣਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਆਪਣੀ ਸ਼ਿਕਾਇਤ ''ਚ ਦੱਸਿਆ ਕਿ ਤਰਨਤਾਰਨ ਦੇ ਗੰਡੀਵਿੰਡ ਪਿੰਡ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਪੁੱਤਰੀ ਕਰਮ ਸਿੰਘ ਅਤੇ ਇਕ ਰੌਬਿਨ ਨਾਮਕ ਵਿਅਕਤੀ ਨੇ ਉਸ ਨੂੰ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦਾ ਦਾਅਵਾ ਕੀਤਾ ਅਤੇ ਲੱਖਾਂ ਰੁਪਏ ਠੱਗ ਲਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਾਜਵਿੰਦਰ ਧੋਖਾਦੇਹੀ ਦੇ ਕਿਸੇ ਮਾਮਲੇ ਨੂੰ ਲੈ ਕੇ ਜੇਲ ''ਚ ਬੰਦ ਸੀ, ਜਿਥੇ ਸ਼ਿਕਾਇਤਕਰਤਾ ਦੀ ਕੋਈ ਰਿਸ਼ਤੇਦਾਰ ਔਰਤ ਵੀ ਜੇਲ ''ਚ ਹੀ ਸੀ। ਇਥੇ ਉਸਦੀ ਜਾਣ-ਪਛਾਣ ਰਾਜਵਿੰਦਰ ਨਾਲ ਹੋ ਗਈ। ਰਾਜਵਿੰਦਰ ਨੇ ਸੁਖਵਿੰਦਰ ਦੀ ਰਿਸ਼ਤੇਦਾਰ ਔਰਤ ਨੂੰ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਵਿਦੇਸ਼ ''ਚ ਸੈੱਟ ਹੈ, ਜਦੋਂਕਿ ਉਹ ਇਥੇ ਇਕੱਲੀ ਹੀ ਰਹਿੰਦੀ ਹੈ ਅਤੇ ਉਸ ਦੇ ਚਾਚੇ ਨੇ ਉਸ ਖਿਲਾਫ ਧੋਖਾਦੇਹੀ ਦੀ ਝੂਠੀ ਸ਼ਿਕਾਇਤ ਦੇ ਕੇ ਉਸ ਨੂੰ ਜੇਲ ''ਚ ਬੰਦ ਕਰਵਾ ਦਿੱਤਾ ਹੈ।
ਰਾਜਵਿੰਦਰ ਨੇ ਦੱਸਿਆ ਕਿ ਉਨ੍ਹਾਂ ਪਾਸ ਕਾਫੀ ਜਾਇਦਾਦ ਹੈ, ਜਿਸ ''ਤੇ ਉਕਤ ਔਰਤ ਨੇ ਰਾਜਵਿੰਦਰ ਨਾਲ ਆਪਣੇ ਭਾਣਜੇ ਸੁਖਵਿੰਦਰ ਦੇ ਰਿਸ਼ਤੇ ਨੂੰ ਲੈ ਕੇ ਜੇਲ ਦੇ ਅੰਦਰ ਹੀ ਪੱਕੀ ਗੱਲ ਕਰ ਲਈ, ਜਿਸ ਤੋਂ ਬਾਅਦ ਬਾਹਰ ਆਉਣ ''ਤੇ ਰਾਜਵਿੰਦਰ ਅਤੇ ਸੁਖਵਿੰਦਰ ਦਾ ਵਿਆਹ ਹੋ ਗਿਆ ਪਰ ਵਿਆਹ ਤੋਂ ਬਾਅਦ ਰਾਜਵਿੰਦਰ ਕੋਲ ਰੌਬਿਨ ਨਾਂ ਦਾ ਵਿਅਕਤੀ ਆ ਕੇ ਰਹਿਣ ਲੱਗਾ। ਜਦੋਂਕਿ ਰਾਜਵਿੰਦਰ ਨੇ ਉਸ ਨੂੰ ਰਿਸ਼ਤੇ ''ਚ ਆਪਣਾ ਭਰਾ ਦੱਸਿਆ। ਰੌਬਿਨ ਨੇ ਸੁਖਵਿੰਦਰ ਦੇ ਪੂਰੇ ਪਰਿਵਾਰ ਦਾ ਥਾਈਲੈਂਡ ਵੀਜ਼ਾ ਲਗਵਾ ਕੇ ਉਸ ''ਤੇ ਕੈਨੇਡਾ ਦੀ ਮੋਹਰ ਲਾ ਦਿੱਤੀ। ਸੁਖਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਥਾਈਲੈਂਡ ਲਿਜਾ ਕੇ ਰੌਬਿਨ ਉਥੋਂ ਗਾਇਬ ਹੋ ਗਿਆ। ਜਦੋਂ ਇਸ ਗੱਲ ਬਾਰੇ ਇਥੇ ਰਾਜਵਿੰਦਰ ਨੂੰ ਪਤਾ ਚੱਲਿਆ ਤਾਂ ਉਹ ਵੀ ਘਰ ''ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ। ਥਾਈਲੈਂਡ ਗਏ ਸੁਖਵਿੰਦਰ ਦੇ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਭਾਰਤ ਵਾਪਸ ਪਰਤੇ ਅਤੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਦੋਵੇਂ ਬੰਟੀ-ਬਬਲੀ ਖਿਲਾਫ ਇੰਮੀਗ੍ਰੇਸ਼ਨ ਐਕਟ ਅਤੇ ਧੋਖਾਦੇਹੀ ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ।


Gurminder Singh

Content Editor

Related News