ਕਿਲ੍ਹਾ ਰਾਏਪੁਰ ’ਚ ਹੋਇਆ ਅਨੋਖਾ ਵਿਆਹ, ਸਾਦਗੀ ਅਜਿਹੀ ਕਿ ਹਰ ਪਾਸੇ ਹੋ ਰਹੇ ਚਰਚੇ

Wednesday, Dec 21, 2022 - 06:27 PM (IST)

ਕਿਲ੍ਹਾ ਰਾਏਪੁਰ ’ਚ ਹੋਇਆ ਅਨੋਖਾ ਵਿਆਹ, ਸਾਦਗੀ ਅਜਿਹੀ ਕਿ ਹਰ ਪਾਸੇ ਹੋ ਰਹੇ ਚਰਚੇ

ਚੌੰਕੀਮਾਨ (ਗਗਨਦੀਪ) : ਅੱਜ ਕੱਲ੍ਹ ਜਿੱਥੇ ਅਤਿ-ਖਰਚੀਲੇ ਵਿਆਹਾਂ ਦੇ ਦੌਰ ਵਿਚ ਲਾੜੀਆਂ ਦੇ ਡੋਲੀਆਂ ਹੈਲੀਕਾਪਟਰਾਂ ਰਾਹੀਂ ਲਿਜਾਣ ਦੀਆਂ ਖ਼ਬਰਾਂ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ, ਉੱਥੇ ਹੀ ਪਿੰਡ ਕਿਲ੍ਹਾ ਰਾਏਪੁਰ ਦੀ ਪੱਤੀ ਸੇਮਾ ਦੇ ਵਸਨੀਕ ਸੰਤੋਖ ਸਿੰਘ ਗਰੇਵਾਲ ਨੇ ਸਾਹਿਤ ਨੂੰ ਪ੍ਰਫੁੱਲਤ ਕਰਨ ਦੀ ਨਿਵੇਕਲੀ ਪਹਿਲ ਕਰਦਿਆਂ ਆਪਣੇ ਪੁੱਤਰ ਵਿਨੀਪਾਲ ਸਿੰਘ ਗਰੇਵਾਲ ਦੇ ਵਿਆਹ ’ਚ ਕਿਤਾਬਾਂ ਦਾ ਸਟਾਲ ਲਗਵਾ ਕੇ ਸਮਾਜ ਨੂੰ ਜਾਗਰੂਕਤਾ ਦਾ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਂ-ਬੋਲੀ ਪ੍ਰਤੀ ਕੀਤੀ ਗਈ ਇਸ ਪਹਿਲਕਦਮੀ ਦੀ ਚਰਚਾ ਇਲਾਕੇ ਦੇ ਹਰ ਇਕ ਵਿਅਕਤੀ ਦੀ ਜ਼ੁਬਾਨ ’ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਰਜਤ ਪੈਲੇਸ ਮੁੱਲਾਂਪੁਰ ਵਿਖੇ ਹੋਏ ਵਿਆਹ ਸਮਾਗਮ ਦੌਰਾਨ ਸ਼ਾਮਿਲ ਹੋਣ ਵਾਲੇ ਸਾਰੇ ਮਹਿਮਾਨਾਂ ਲਈ ਕਰੀਬ ਢਾਈ ਤੋਂ ਤਿੰਨ ਹਜ਼ਾਰ ਧਾਰਮਿਕ, ਸਮਾਜਿਕ ਅਤੇ ਹੋਰ ਉਸਾਰੂ ਪੁਸਤਕਾਂ ਦਾ ਸਟਾਲ ਲਗਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਵਿਆਹਾਂ ਮੌਕੇ ਕਿਤਾਬਾਂ ਲੈ ਕੇ ਜਾਣ ਦਾ ਰੁਝਾਨ 2019 ਦੇ ਅਖੀਰ ਵਿਚ ਸ਼ੁਰੂ ਹੋਇਆ ਸੀ ਪਰ ਕੋਵਿਡ-19 ਕਾਰਨ ਲੱਗੇ ਲਾਕਡਾਊਨ ਦੇ ਨਾਲ ਇਸ ਨੂੰ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਜਦੋਂ ਕੋਰੋਨਾ ਦਾ ਕਹਿਰ ਘੱਟ ਗਿਆ ਹੈ ਤਾਂ ਵਿਆਹ ਸਮਾਗਮ ਵੀ ਪਹਿਲਾਂ ਵਾਂਗ ਹੋਣ ਲੱਗ ਗਏ ਹਨ ਜਿੰਨ੍ਹਾਂ ਦੇ ਨਾਲ-ਨਾਲ ਇਹ ਕਿਤਾਬਾਂ ਦਾ ਚਲਨ ਵੀ ਦੁਬਾਰਾ ਸ਼ੁਰੂ ਹੋ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਲੱਗ ਸਕਦੈ ਝਟਕਾ, ਬਿਜਲੀ ਮਹਿੰਗੀ ਕਰਨ ਦੀ ਤਿਆਰੀ ’ਚ ਪਾਵਰਕਾਮ

ਇਸ ਉਪਰਾਲੇ ਸੰਬੰਧੀ ਜਦੋਂ ਉੱਘੇ ਲੇਖਕ ਭੁਪਿੰਦਰ ਸਿੰਘ ਸੇਖੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਸੰਤੋਖ ਸਿੰਘ ਗਰੇਵਾਲ ਵੱਲੋਂ ਵਿਆਹ ਸਮਾਗਮ ਦੌਰਾਨ ਕਿਤਾਬਾਂ ਦਾ ਸਟਾਲ ਲਗਾਉਣ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਪੰਜਾਬ ਦੇ ਪਿੰਡਾਂ ਦੇ ਅੰਦਰ ਵੱਸਦੇ ਹਰ ਘਰ ਵਿਚ ਕਿਤਾਬਾਂ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਹਰ ਪੰਜਾਬੀ ਨੂੰ ਸੰਤੋਖ ਸਿੰਘ ਵਰਗੇ ਬੰਦਿਆਂ ਤੋਂ ਸੇਧ ਲੈ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਨੈਸ਼ਨਲ ਐਵਾਰਡੀ ਰਿਟਾਇਰ ਅਧਿਆਪਕ ਅਤੇ ਉੱਘੇ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਵਿਆਹ ’ਚ ਕਿਤਾਬਾਂ ਦਾ ਸਟਾਲ ਲਗਾਏ ਜਾਣ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕਰਾਰ ਦਿੱਤਾ। 

ਇਹ ਵੀ ਪੜ੍ਹੋ : ਵਿਦੇਸ਼ੋਂ ਪਰਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਰਡਾਰ ’ਤੇ, ਵੱਡੀ ਤਿਆਰੀ ’ਚ ਪੰਜਾਬ ਸਰਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News