ਮੈਰਿਜ ਬਿਊਰੋ ਨੇ ਦਿਖਾਏ ਕਈ ਰਿਸ਼ਤੇ, ਗਾਹਕ ਨੂੰ ਪਸੰਦ ਨਾ ਆਉਣ 'ਤੇ ਫੋਰਮ ਨੇ ਖਾਰਿਜ ਕੀਤੀ ਪਟੀਸ਼ਨ

Monday, Sep 16, 2019 - 01:41 PM (IST)

ਮੈਰਿਜ ਬਿਊਰੋ ਨੇ ਦਿਖਾਏ ਕਈ ਰਿਸ਼ਤੇ, ਗਾਹਕ ਨੂੰ ਪਸੰਦ ਨਾ ਆਉਣ 'ਤੇ ਫੋਰਮ ਨੇ ਖਾਰਿਜ ਕੀਤੀ ਪਟੀਸ਼ਨ

ਚੰਡੀਗੜ੍ਹ (ਰਾਜਿੰਦਰ) : ਮੈਰਿਜ ਬਿਊਰੋ ਵਲੋਂ ਕਸਟਮਰ ਨੂੰ ਕਈ ਰਿਸ਼ਤੇ ਦਿਖਾਉਣ ਤੋਂ ਬਾਅਦ ਵੀ ਉਸ ਨੂੰ ਰਿਸ਼ਤਾ ਪਸੰਦ ਨਹੀਂ ਆਇਆ ਤਾਂ ਉਸ ਨੇ ਖਪਤਕਾਰ ਫੋਰਮ 'ਚ ਕੇਸ ਕਰ ਦਿੱਤਾ। ਫੋਰਮ ਨੇ ਸ਼ਿਕਾਇਤਕਰਤਾ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਫੋਰਮ ਨੇ ਕਿਹਾ ਕਿ ਐਗਰੀਮੈਂਟ ਦੇ ਅਧੀਨ ਕੰਪਨੀ ਨੇ ਆਪਣਾ ਵਚਨ ਪੂਰਾ ਕੀਤਾ। ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਫੋਰਮ ਨੇ ਹਾਲ ਹੀ 'ਚ ਇਹ ਫੈਸਲਾ ਸੁਣਾਇਆ ਹੈ।

ਇਹ ਹੈ ਮਾਮਲਾ :
ਮਾਮਲਾ ਚੰਡੀਗੜ੍ਹ ਨਿਵਾਸੀ ਵਰਿੰਦਰ ਸਿੰਘ ਨਾਲ ਜੁੜਿਆ ਹੈ, ਜਿਨ੍ਹਾਂ ਨੇ ਵਿਆਹ ਲਈ ਰਿਸ਼ਤਾ ਲੱਭਣ ਲਈ ਚੰਡੀਗੜ੍ਹ ਦੇ ਸੈਕਟਰ-36 ਸਥਿਤ ਵੈਡਿੰਗ ਵਿਸ਼ ਪ੍ਰਾਈਵੇਟ ਲਿਮਟਿਡ ਨਾਲ ਗੱਲ ਕੀਤੀ। ਦੋਵਾਂ ਧਿਰਾਂ ਨੇ ਇਕ ਕਾਂਟ੍ਰੈਕਟ 'ਤੇ ਹਸਤਾਖਰ ਕੀਤੇ ਅਤੇ ਮੈਰਿਜ ਬਿਊਰੋ ਨੂੰ 15 ਹਜ਼ਾਰ ਦਾ ਭੁਗਤਾਨ ਕਰ ਦਿੱਤਾ। ਕਰਾਰ ਦੀਆਂ ਸ਼ਰਤਾਂ ਮੁਤਾਬਕ ਵੈਡਿੰਗ ਵਿਸ਼ ਵਲੋਂ ਸੰਭਾਵਿਤ ਲੜਕੀਆਂ ਦੇ ਪ੍ਰੋਫਾਈਲ ਵਰਿੰਦਰ ਨੂੰ ਭੇਜੇ ਗਏ। 10 ਪ੍ਰੋਫਾਈਲ ਭੇਜਣ ਤੋਂ ਬਾਅਦ ਵੀ ਵਿਆਹ ਨਹੀਂ ਹੋ ਸਕਿਆ। ਇਸ ਤੋਂ ਬਾਅਦ ਵਰਿੰਦਰ ਨੇ ਮੈਰਿਜ ਬਿਊਰੋ ਤੋਂ ਆਪਣਾ ਪੈਸਾ ਵਾਪਸ ਮੰਗਿਆ। ਕੰਪਨੀ ਵਲੋਂ ਮਨ੍ਹਾ ਕਰਨ ਤੋਂ ਬਾਅਦ ਉਨ੍ਹਾਂ ਨੇ ਖਪਤਕਾਰ ਫੋਰਮ 'ਚ ਕੇਸ ਕਰ ਦਿੱਤਾ।

ਹਾਲਾਂਕਿ ਬਿਊਰੋ ਦਾ ਪੱਖ ਇਹ ਸੀ ਕਿ ਵਿਆਹਯੋਗ ਲੜਕੀਆਂ ਦੇ ਸੰਭਾਵਿਤ ਪ੍ਰੋਫਾਈਲ ਵਰਿੰਦਰ ਨੂੰ ਭੇਜ ਦਿੱਤੇ ਗਏ, ਇਸ ਲਈ ਉਨ੍ਹਾਂ ਨੇ ਕਰਾਰ ਅਨੁਸਾਰ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾਇਆ। ਫੋਰਮ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਲ ਹੀ 'ਚ ਵੈਡਿੰਗ ਵਿਸ਼ ਦੇ ਪੱਖ 'ਚ ਫੈਸਲਾ ਸੁਣਾ ਦਿੱਤਾ। ਫੋਰਮ ਨੇ ਸ਼ਿਕਾਇਤਕਰਤਾ ਦੀ ਪਟੀਸ਼ਨ ਨੂੰ ਖਾਰਿਜ ਕਰਦਿਆਂ ਕਿਹਾ ਕਿ ਮੈਰਿਜ ਬਿਊਰੋ ਨੇ ਐਗਰੀਮੈਂਟ ਦੇ ਅਧੀਨ ਸ਼ਿਕਾਇਤਕਰਤਾ ਨੂੰ 10 ਰਿਸ਼ਤੇ ਭੇਜੇ ਪਰ ਉਨ੍ਹਾਂ ਨੂੰ ਪਸੰਦ ਨਹੀਂ ਆਏ। ਹੁਕਮ 'ਚ ਲਿਖਿਆ ਕਿ ਸ਼ਿਕਾਇਤਕਰਤਾ ਇਹ ਸਮਝਾਉਣ 'ਚ ਅਸਮਰਥ ਰਿਹਾ ਕਿ ਮੈਰਿਜ ਬਿਊਰੋ ਨੇ ਸੇਵਾ 'ਚ ਕੁਤਾਹੀ ਕਿਵੇਂ ਕੀਤੀ ਹੈ।


author

Anuradha

Content Editor

Related News