ਨੌਜਵਾਨ ਦਾ ਫੇਸਬੁੱਕ ''ਤੇ ਸਮਲਿੰਗੀ ਨਾਲ ਪਿਆ ਪਿਆਰ, ਵਿਆਹ ਕਰਵਾ ਸਬੰਧ ਵੀ ਬਣਾਏ ਪਰ ਹੁਣ...
Tuesday, Oct 13, 2020 - 03:54 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਇੱਕ ਨੌਜਵਾਨ ਦਾ ਕਾਲਕਾ ਦੇ ਰਹਿਣ ਵਾਲੇ ਇੱਕ ਸਮਲਿੰਗੀ ਨਾਲ ਫੇਸਬੁੱਕ ’ਤੇ ਪਿਆਰ ਹੋ ਗਿਆ ਅਤੇ ਹੁਣ ਡੇਢ ਮਹੀਨਾ ਰਿਸ਼ਤਾ ਬਣਾਉਣ ਤੋਂ ਬਾਅਦ ਉਸ ਉਪਰ ਧੋਖਾ ਦੇਣ ਦੇ ਦੋਸ਼ ਲੱਗੇ, ਜਿਸ ਤੋਂ ਬਾਅਦ ਇਹ ਮਾਮਲਾ ਹੁਣ ਪੁਲਸ ਕੋਲ ਪੁੱਜ ਗਿਆ ਹੈ। ਕਾਲਕਾ ਦੇ ਵਾਸੀ ਸਮਲਿੰਗੀ (ਸ਼ੈਰੀ) ਕਾਲਪਨਿਕ ਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਮਾਛੀਵਾੜਾ ਇਲਾਕੇ ਦੇ ਇੱਕ ਨੌਜਵਾਨ ਨਾਲ ਫੇਸਬੁੱਕ ’ਤੇ ਦੋਸਤੀ ਹੋ ਗਈ ਅਤੇ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ।
ਕਿੱਤੇ ਵਜੋਂ ਮੇਕਅੱਪ ਆਰਟਿਸਟ ਸ਼ੈਰੀ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਨੌਜਵਾਨ ਅਤੇ ਉਹ ਘਰੋਂ ਭੱਜ ਗਏ ਅਤੇ ਉਸ ਨੇ ਦਾਅਵਾ ਕੀਤਾ ਕਿ ਨਵਾਂਸ਼ਹਿਰ ਵਿਖੇ ਜਾ ਕੇ ਉਨ੍ਹਾਂ ਨੇ ਵਿਆਹ ਕਰਵਾ ਲਿਆ, ਜਿੱਥੇ ਉਸਦੀ ਮਾਂਗ ’ਚ ਸਿੰਦੂਰ ਵੀ ਭਰਿਆ। ਸ਼ੈਰੀ ਨੇ ਕਿਹਾ ਕਿ ਉਹ ਕਰੀਬ ਡੇਢ ਮਹੀਨਾ ਨਵਾਂਸ਼ਹਿਰ ਵਿਖੇ ਕਿਰਾਏ ਦੇ ਮਕਾਨ 'ਚ ਰਹੇ, ਜਿਨ੍ਹਾਂ ਦੇ ਆਪਸ 'ਚ ਸਰੀਰਕ ਸਬੰਧ ਵੀ ਬਣੇ ਪਰ ਅਚਾਨਕ ਇੱਕ ਦਿਨ ਨੌਜਵਾਨ ਦੇ ਮਾਪੇ ਉੱਥੇ ਪਹੁੰਚੇ, ਜੋ ਜ਼ਬਰਦਸਤੀ ਉਸ ਨੂੰ ਆਪਣੇ ਨਾਲ ਲੈ ਗਏ।
ਸ਼ੈਰੀ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਕਾਲਕਾ ਵਿਖੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਮਾਛੀਵਾੜਾ ਦਾ ਨੌਜਵਾਨ ਉਸ ਨਾਲ ਵਿਆਹ ਕਰਵਾ ਸਰੀਰਕ ਸਬੰਧ ਬਣਾਉਂਦਾ ਰਿਹਾ ਪਰ ਹੁਣ ਉਸ ਨੂੰ ਧੋਖਾ ਦੇ ਰਿਹਾ ਹੈ, ਜਿਸ ’ਤੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਪਰ ਪੁਲਸ ਨੇ ਕੋਈ ਸੁਣਵਾਈ ਨਾ ਕੀਤੀ। ਇਸ ਸਬੰਧੀ ਉਹ ਮਾਛੀਵਾੜਾ ਪੁਲਸ ਥਾਣਾ ਵਿਖੇ ਇਨਸਾਫ਼ ਲਈ ਆਇਆ ਤਾਂ ਇੱਥੇ ਵੀ ਅਧਿਕਾਰੀ ਨੇ ਕਿਹਾ ਕਿ ਦੋਵਾਂ ਵਿਚਕਾਰ ਵਿਆਹ ਹੋਇਆ ਅਤੇ ਜੋ ਸਰੀਰਕ ਸਬੰਧ ਬਣੇ, ਉਹ ਨਵਾਂਸ਼ਹਿਰ ਜ਼ਿਲ੍ਹੇ ਦਾ ਮਾਮਲਾ ਹੈ, ਇਸ ਲਈ ਕਾਨੂੰਨੀ ਕਾਰਵਾਈ ਉੱਥੇ ਹੋਵੇਗੀ।
ਸ਼ੈਰੀ ਨੇ ਦੱਸਿਆ ਕਿ ਉਸ ਨਾਲ ਪ੍ਰੇਮ ਸਬੰਧ ਬਣਾ ਸਰੀਰਕ ਸੋਸ਼ਣ ਕਰਨ ਵਾਲੇ ਨੌਜਵਾਨ ਨੇ ਉਸ ਨੂੰ ਹੁਣ ਛੱਡ ਕੇ ਜ਼ਿੰਦਗੀ ਤਬਾਹ ਕਰ ਦਿੱਤੀ ਪਰ ਉਹ ਨੌਜਵਾਨ ਨੂੰ ਸੱਚੇ ਦਿਲੋਂ ਪਿਆਰ ਕਰਦਾ ਹੈ ਅਤੇ ਉਸ ਨਾਲ ਰਹਿਣਾ ਚਾਹੁੰਦਾ ਹੈ। ਸ਼ੈਰੀ ਨੇ ਇਹ ਵੀ ਦਾਅਵਾ ਕੀਤਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਹੁਣ ਤਾਂ ਸਮਲਿੰਗੀ ਰਿਸ਼ਤਿਆਂ ਨੂੰ ਵੀ ਮਾਨਤਾ ਦੇ ਦਿੱਤੀ ਹੈ, ਇਸ ਲਈ ਨਵਾਂਸ਼ਹਿਰ, ਮਾਛੀਵਾੜਾ ਤੇ ਕਾਲਕਾ ਦੀ ਪੁਲਸ ਉਸ ਨੂੰ ਇਨਸਾਫ਼ ਦਿਵਾਏ ਅਤੇ ਉਸ ਨੂੰ ਵਿਛੜੇ ਹੋਏ ਪਿਆਰ ਨਾਲ ਮਿਲਾਵੇ। ਇਸ ਸਬੰਧੀ ਮਾਛੀਵਾੜਾ ਥਾਣਾ ਮੁਖੀ ਰਾਓ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਹੈ, ਇਸ ਲਈ ਕਾਨੂੰਨੀ ਕਾਰਵਾਈ ਉੱਥੇ ਬਣਦੀ ਹੈ।
ਜੇ ਇਨਸਾਫ਼ ਨਾ ਮਿਲਿਆ ਤਾਂ ਖ਼ੁਦਕੁਸ਼ੀ ਕਰ ਲਵਾਂਗਾ
ਸਮਲਿੰਗੀ ਸ਼ੈਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਪ੍ਰੇਮੀ ਨੌਜਵਾਨ ਨਾਲ ਰਹਿਣਾ ਚਾਹੁੰਦਾ ਹੈ ਕਿਉਂਕਿ ਉਸ ਨਾਲ ਵਿਆਹ ਕਰਵਾ ਸਰੀਰਕ ਸਬੰਧ ਵੀ ਬਣਾਏ। ਉਸਨੇ ਦੱਸਿਆ ਕਿ ਜੇਕਰ ਪੁਲਸ ਨੇ ਉਸ ਨੂੰ ਇਨਸਾਫ਼ ਨਾ ਦਿਵਾਇਆ ਅਤੇ ਉਸਦਾ ਵਿੱਛੜਿਆ ਪ੍ਰੇਮੀ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰਨ ਨੂੰ ਮਜਬੂਰ ਹੋ ਜਾਵੇਗਾ।