ਵਿਆਹ ਤੋਂ 8 ਸਾਲ ਬਾਅਦ ਵੀ ਬੱਚਾ ਨਾ ਹੋਣ ''ਤੇ ਟੁੱਟੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
Wednesday, Jul 08, 2020 - 02:12 PM (IST)
ਲੁਧਿਆਣਾ (ਰਿਸ਼ੀ) : ਵਿਆਹ ਦੇ 8 ਸਾਲ ਬਾਅਦ ਵੀ ਬੱਚਾ ਨਾ ਹੋਣ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਮੰਗਲਵਾਰ ਨੂੰ ਸਿੱਧਵਾਂ ਨਹਿਰ ਵਿਚ ਛਾਲ ਮਾਰ ਦਿੱਤੀ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤੀ ਹੈ।
ਐੱਸ. ਐੱਚ. ਓ. ਇੰਸਪੈਕਟਰ ਸੁਰਿੰਦਰ ਚੋਪੜਾ ਅਨੁਸਾਰ ਮ੍ਰਿਤਕਾ ਦੀ ਪਛਾਣ ਨਿਧੀ ਸ਼ਰਮਾ (30) ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਧੂਰੀ ਦੇ ਰਹਿਣ ਵਾਲੇ ਪਿਤਾ ਰਵੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਬੇਟੀ ਦਾ ਵਿਆਹ ਚੂਹੜਪੁਰ ਰੋਡ ਦੇ ਰਹਿਣ ਵਾਲੇ ਜੋਗਿੰਦਰ ਸ਼ਰਮਾ ਨਾਲ 8 ਸਾਲ ਪਹਿਲਾਂ ਕੀਤਾ ਸੀ, ਜੋ ਜੋਤਿਸ਼ ਦਾ ਕੰਮ ਕਰਦਾ ਹੈ। ਪਤੀ ਅਨੁਸਾਰ 11 ਵਜੇ ਘਰੋਂ ਰਾਸ਼ਨ ਦੀ ਦੁਕਾਨ 'ਤੇ ਜਾਣ ਦਾ ਕਹਿ ਕੇ ਨਿਕਲੀ ਸੀ। ਜਿਸ ਤੋਂ ਬਾਅਦ ਕਾਫੀ ਸਮੇਂ ਤੱਕ ਵਾਪਸ ਨਾ ਆਉਣ 'ਤੇ ਮੋਬਾਇਲ 'ਤੇ ਫੋਨ ਕੀਤੇ ਪਰ ਨੰਬਰ ਬੰਦ ਆ ਰਿਹਾ ਸੀ। ਫਿਰ ਸਹੁਰਿਆਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ। ਪੁਲਸ ਨੇ ਪਿਤਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ।
ਤਲਾਸ਼ੀ ਦੌਰਾਨ ਮਿਲਿਆ ਮੋਬਾਇਲ, ਘਰ ਦਿੱਤੀ ਸੂਚਨਾ
ਇੰਸਪੈਕਟਰ ਚੋਪੜਾ ਅਨੁਸਾਰ ਜਦ ਨਹਿਰ 'ਚੋਂ ਲਾਸ਼ ਨੂੰ ਬਾਹਰ ਕੱਢ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਮ੍ਰਿਤਕਾ ਦਾ ਮੋਬਾਈਲ ਬਰਾਮਦ ਹੋਇਆ। ਵਾਟਰਪਰੂਫ ਹੋਣ ਕਾਰਨ ਚੱਲ ਰਿਹਾ ਸੀ। ਉਸ ਤੋਂ ਪਰਿਵਾਰਕ ਮੈਂਬਰਾਂ ਦੇ ਨੰਬਰ ਕੱਢ ਕੇ ਘਰ 'ਤੇ ਸੂਚਨਾ ਦਿੱਤੀ ਗਈ। ਪੁਲਸ ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਟਰਮ ਕਰਵਾਏਗੀ।