ਮਾਨਸਿਕ ਪ੍ਰੇਸ਼ਾਨੀ ਕਾਰਣ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
Saturday, Jun 11, 2022 - 02:23 PM (IST)
ਮੋਗਾ (ਅਜ਼ਾਦ) : ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਸੰਗਤਪੁਰਾ ਨਿਵਾਸੀ ਅਕਵਿੰਦਰ ਕੌਰ (21) ਜੋ ਇਕ ਬੱਚੇ ਦੀ ਮਾਂ ਹੈ ਨੇ ਆਪਣੇ ਘਰ ਅੰਦਰ ਹੀ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਨੇ ਦੱਸਿਆ ਕਿ ਅਕਵਿੰਦਰ ਕੌਰ ਦਾ ਵਿਆਹ ਕਰੀਬ 2 ਸਾਲ ਪਹਿਲਾਂ ਪਿੰਡ ਨੱਥੇਵਾਲਾ ਫਰੀਦਕੋਟ ਵਿਖੇ ਹੋਇਆ ਸੀ ਅਤੇ ਉਸ ਦੀ ਇਕ ਛੋਟੀ ਬੇਟੀ ਵੀ ਹੈ। ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਉਸਦੀ ਬੇਟੀ ਦਾ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਕੋਈ ਕੰਮ ਵੀ ਨਹੀਂ ਕਰਦਾ ਸੀ, ਜਿਸ ਕਾਰਣ ਮੇਰੀ ਬੇਟੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ ਅਤੇ ਸਾਡੇ ਕੋਲ ਆ ਗਈ।
ਉਸਨੇ ਪਹਿਲਾਂ ਵੀ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਯਤਨ ਕੀਤਾ ਸੀ। ਬੀਤੀ 5 ਜੂਨ ਨੂੰ ਉਸਨੇ ਘਰ ਅੰਦਰ ਹੀ ਫਾਹਾ ਲੈ ਲਿਆ, ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਦਾਖਲ ਕਰਵਾਇਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਪੁਲਸ ਨੇ ਗੁਰਮੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ।