26 ਸਾਲਾ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Saturday, Feb 26, 2022 - 03:47 PM (IST)

26 ਸਾਲਾ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੇ ਸਿਵਲ ਹਸਪਤਾਲ ਦੇ ਸਰਕਾਰੀ ਕੁਆਰਟਰ ਵਿਚ 26 ਸਾਲਾ ਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ’ਤੇ ਥਾਣਾ ਸਦਰ ਦੀ ਪੁਲਸ ਨੇ ਗੌਰਵ ਖ਼ਿਲਾਫ 306 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਨਾਮਜ਼ਦ ਵਿਅਕਤੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ 26 ਸਾਲਾ ਕੁੜੀ ਨੇਹਾ ਦੀ ਮਾਤਾ ਮਨੂ ਵਾਸੀ ਮੱਛੀ ਮੰਡੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਧੀ ਨੇਹਾ ਦਾ ਵਿਆਹ 8 ਸਾਲ ਪਹਿਲਾਂ ਕਰਨ ਨਾਲ ਹੋਇਆ ਸੀ, ਜਿਸ ਦੇ 2 ਬੱਚੇ ਹਨ ਅਤੇ ਕਰੀਬ 3 ਸਾਲ ਪਹਿਲਾਂ ਨੇਹਾ ਨੇ ਨਾਮਜ਼ਦ ਵਿਅਕਤੀ ਗੌਰਵ ਨਾਲ ਫੋਨ ’ਤੇ ਗੱਲਬਾਤ ਸ਼ੁਰੂ ਕੀਤੀ, ਜਿਸਦਾ ਨੇਹਾ ਦੇ ਪਤੀ ਨੂੰ ਪਤਾ ਲੱਗਣ ’ਤੇ ਇਨ੍ਹਾਂ ਦੀ ਆਪਸ ਵਿਚ ਅਣਬਣ ਹੋ ਗਈ।

ਨੇਹਾ ਅਤੇ ਗੌਰਵ ਨੂੰ ਪੰਚਾਇਤੀ ਤੌਰ ’ਤੇ ਸਮਝਾਇਆ ਗਿਆ। ਮ੍ਰਿਤਕ ਦੀ ਮਾਂ ਅਨੁਸਾਰ ਗੌਰਵ ਨਾਂ ਦਾ ਵਿਅਕਤੀ ਨੇਹਾ ਨੂੰ ਕਥਿਤ ਰੂਪ ’ਚ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਅਤੇ 26 ਫਰਵਰੀ ਨੂੰ ਉਸਦੇ ਜਵਾਈ ਧਰਮਪਾਲ ਦਾ ਫੋਨ ਆਇਆ ਕਿ ਨੇਹਾ ਨੇ ਫਾਹਾ ਲੈ ਲਿਆ ਹੈ ਅਤੇ ਹਸਪਤਾਲ ’ਚ ਨੇਹਾ ਦੀ ਮੌਤ ਹੋ ਗਈ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਨੂੰ ਵਿਸ਼ਵਾਸ ਹੈ ਕਿ ਨੇਹਾ ਨੇ ਨਾਮਜ਼ਦ ਵਿਅਕਤੀ ਗੌਰਵ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News