ਵਿਆਹ ਦਾ ਝਾਂਸਾ ਦੇ ਬਣਾਏ ਸਰੀਰਕ ਸਬੰਧ, ਫਿਰ ਕਰਵਾਇਆ ਗਰਭਪਾਤ
Sunday, Mar 22, 2020 - 03:14 PM (IST)
 
            
            ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) - ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਅਤੇ ਬਾਅਦ ’ਚ ਗਰਭਪਾਤ ਕਰਵਾਉਣ ਦੇ ਮਾਮਲੇ ’ਚ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਮਾਂ-ਪੁੱਤ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਨੇੜਲੇ ਪਿੰਡ ਦੀ 26 ਸਾਲਾ ਕੁੜੀ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਹਿੰਮਤਪੁਰਾ ਉਸ ਨਾਲ 2011 ’ਚ ਕਿਸੇ ਕਾਲਜ ’ਚ ਡਿਪਲੋਮਾ ਕਰਦਾ ਸੀ। ਇਸ ਦੌਰਾਨ ਉਨ੍ਹਾਂ ਦੀ ਆਪਸ ’ਚ ਦੋਸਤੀ ਹੋ ਗਈ। ਪੜ੍ਹਾਈ ਤੋਂ ਬਾਅਦ ਉਹ ਇਕੱਠੇ ਚੰਡੀਗੜ੍ਹ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਨ ਲੱਗੇ, ਜਿਸ ਦੌਰਾਨ ਕਥਿਤ ਦੋਸ਼ੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਲਵਪ੍ਰੀਤ ਉਸ ਨੂੰ ਆਪਣੇ ਪਿੰਡ ਹਿੰਮਤਪੁਰਾ ਵਿਖੇ ਘਰ ਬੁਲਾ ਲੈਂਦਾ ਸੀ ਅਤੇ ਸਰੀਰਕ ਸਬੰਧ ਬਣਾਉਂਦਾ ਸੀ। ਉਸ ਵਲੋਂ ਮਨ੍ਹਾ ਕਰਨ ’ਤੇ ਵਿਆਹ ਨਾ ਕਰਵਾਉਣ ਦੀ ਧਮਕੀ ਦਿੰਦਾ ਸੀ।
ਪੜ੍ਹੋ ਇਹ ਖਬਰ ਵੀ - ਇਨਸਾਨੀਅਤ ਸ਼ਰਮਸਾਰ : ਗਰਭਪਾਤ ਕਰਦੀ ਦਾਈ 3 ਮਹੀਨੇ ਦੇ ਭਰੂਣ ਸਮੇਤ ਕਾਬੂ
ਮੰਗਲੀਕ ਹੋਣ ਦਾ ਬਣਾਉਂਦਾ ਸੀ ਬਹਾਨਾ
ਪੀੜਤਾ ਨੇ ਕਿਹਾ ਕਿ ਲਵਪ੍ਰੀਤ ਦੀ ਮਾਤਾ ਹਰਦੀਪ ਕੌਰ ਨੂੰ ਪਤਾ ਸੀ, ਜਦ ਉਹ ਲਵਪ੍ਰੀਤ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਤਾਂ ਉਹ ਮੰਗਲੀਕ ਹੋਣ ਦਾ ਬਹਾਨਾ ਬਣਾ ਲੈਂਦਾ ਸੀ। 2016 ’ਚ ਮੈਂ ਗਰਭਵਤੀ ਹੋ ਗਈ ਅਤੇ ਲਵਪ੍ਰੀਤ ਦੀ ਮਾਤਾ ਹਰਦੀਪ ਕੌਰ ਨੇ ਮੈਨੂੰ ਨਾਲ ਲਿਜਾ ਕੇ ਮੇਰਾ ਗਰਭਪਾਤ ਕਰਵਾ ਦਿੱਤਾ।
ਪੜ੍ਹੋ ਇਹ ਖਬਰ ਵੀ - ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਸਰੀਰਕ ਸੰਬੰਧ ਬਣਾ ਕੇ ਦੋਸਤਾਂ ਤੋਂ ਬਣਵਾਈ ਵੀਡੀਓ
ਬਦਨਾਮ ਕਰਨ ਦੀ ਦਿੱਤੀ ਜਾਂਦੀ ਸੀ ਧਮਕੀ
ਹੁਣ ਮੈਨੂੰ 6-7 ਮਾਰਚ ਨੂੰ ਪਤਾ ਲੱਗਾ ਕਿ ਲਵਪ੍ਰੀਤ ਦਾ ਪਰਿਵਾਰ ਉਸ ਦਾ ਵਿਆਹ ਕਿਤੇ ਹੋਰ ਕਰ ਰਿਹਾ ਹੈ, ਜਦੋਂ ਉਸ ਨੇ ਲਵਪ੍ਰੀਤ ਨੂੰ ਫੋਨ ਕੀਤਾ ਤਾਂ ਉਸ ਦੀ ਮਾਤਾ ਨੇ ਮੈਨੂੰ ਧਮਕੀ ਦਿੱਤੀ ਕਿ ਸਾਡੇ ਮੁੰਡੇ ਦਾ ਖਹਿੜਾ ਛੱਡ ਦੇ, ਨਹੀਂ ਤਾਂ ਅਸੀਂ ਤੈਨੂੰ ਬਦਨਾਮ ਕਰਾਂਗੇ। 16 ਮਾਰਚ ਨੂੰ ਮੈਂ ਉਸ ਦੇ ਘਰ ਚਲੀ ਗਈ, ਜਿਥੇ ਹਰਦੀਪ ਕੌਰ ਨੇ ਪਾਣੀ ’ਚ ਕੁਝ ਮਿਲਾ ਕੇ ਮੈਨੂੰ ਪਿਲਾ ਦਿੱਤਾ, ਜਿਸ ਨਾਲ ਮੇਰੀ ਤਬੀਅਤ ਖਰਾਬ ਹੋਣ ਲੱਗੀ, ਉਸ ਤੋਂ ਬਾਅਦ ਮੈਨੂੰ ਬੇਹੋਸ਼ੀ ਦੀ ਹਾਲਤ ’ਚ ਨਿਹਾਲ ਸਿੰਘ ਵਾਲਾ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਪੜ੍ਹੋ ਇਹ ਖਬਰ ਵੀ - 13 ਸਾਲਾ ਗਰਭਵਤੀ ਕੁੜੀ ਦਾ ਪੀ. ਜੀ. ਆਈ. 'ਚ ਹੋਵੇਗਾ ਗਰਭਪਾਤ
ਮਾਂ-ਪੁੱਤ ਨਾਮਜ਼ਦ
ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਪੀਡ਼ਤਾ ਦੇ ਬਿਆਨਾਂ ’ਤੇ ਲਵਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਹਰਦੀਪ ਕੌਰ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਦੀ ਜਾਂਚ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਜਸਵੰਤ ਸਿੰਘ ਅਤੇ ਸਬ-ਇੰਸਪੈਕਟਰ ਕਿਰਨਦੀਪ ਕੌਰ ਕਰ ਰਹੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            