ਪਹਿਲਾਂ ਪੁੱਤ ਤੇ ਫਿਰ ਮਿਲੀ ਪਿਓ ਦੀ ਲਾਸ਼, ਦੋਵਾਂ ਦਾ ਇਕੱਠਿਆਂ ਹੋਇਆ ਸਸਕਾਰ
Friday, May 22, 2026 - 05:51 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ 'ਤੇ ਸਥਿਤ ਸਰਹਿੰਦ ਫੀਡਰ ਨਹਿਰ ਵਿਚ ਬੁੱਧਵਾਰ ਨੂੰ ਆਪਣੇ ਪੁੱਤਰ ਨੂੰ ਬਚਾਉਣ ਲਈ ਛਾਲ ਮਾਰਨ ਵਾਲੇ ਪਿਤਾ ਮੱਖਣ ਸਿੰਘ ਦੀ ਲਾਸ਼ ਤੀਜੇ ਦਿਨ ਸ਼ੁੱਕਰਵਾਰ ਸਵੇਰੇ 6:00 ਵਜੇ ਦੇ ਕਰੀਬ ਸੋਥਾ ਹੈੱਡ ਨੇੜੇ ਬਰਾਮਦ ਹੋਈ, ਜਦੋਂਕਿ ਇਕ ਦਿਨ ਪਹਿਲਾਂ ਵੀਰਵਾਰ ਨੂੰ ਉਸਦੇ ਪੁੱਤਰ ਹਰਤੇਜ ਸਿੰਘ ਉਰਫ ਬੱਗਾ ਦੀ ਲਾਸ਼ ਅਬੋਹਰ ਨੇੜੇ ਬਰਾਮਦ ਕੀਤੀ ਗਈ ਸੀ। ਦਸ਼ਮੇਸ਼ ਨਗਰ ਦੇ ਵਸਨੀਕ ਪਿਤਾ ਅਤੇ ਪੁੱਤਰ ਸਿਟੀ ਪੁਲਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਫ਼ਲ ਅਤੇ ਸਬਜ਼ੀ ਦਾ ਕਾਰੋਬਾਰ ਕਰਦੇ ਸਨ। ਸ਼ੁੱਕਰਵਾਰ ਨੂੰ ਬਠਿੰਡਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਚ ਦੋਵਾਂ ਪਿਤਾ ਅਤੇ ਪੁੱਤਰ ਦਾ ਇਕੋ ਸਮੇਂ ਸਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ 20 ਮਈ ਦੀ ਸਵੇਰ ਨੂੰ 10:00 ਵਜੇ ਦੇ ਕਰੀਬ ਮੱਖਣ ਸਿੰਘ ਅਤੇ ਉਸਦੇ ਪੁੱਤਰ ਹਰਤੇਜ ਸਿੰਘ ਉਰਫ ਬੱਗਾ ਵਿਚਕਾਰ ਸਬਜ਼ੀ ਮੰਡੀ ਵਿਚ ਹੋਏ ਵਿੱਤੀ ਨੁਕਸਾਨ ਨੂੰ ਲੈ ਕੇ ਝਗੜਾ ਹੋ ਗਿਆ ਸੀ ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਖ਼ਤਰੇ ਦੀ ਘੰਟੀ, ਤਨਖਾਹ ਕਟੌਤੀ ਕਾਰਣ ਖੜ੍ਹਾ ਹੋਇਆ ਵਿੱਤੀ ਸੰਕਟ
ਮੱਖਣ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਖਰਾਬ ਹੋ ਗਈਆਂ ਸਨ ਕਿਉਂਕਿ ਬਹੁਤ ਜ਼ਿਆਦਾ ਮੰਗਵਾਈਆਂ ਸੀ। ਆਪਣੇ ਪਿਤਾ ਦੀ ਝਿੜਕ ਤੋਂ ਦੁਖੀ ਹਰਤੇਜ ਸਿੰਘ ਉਰਫ ਬੱਗਾ ਘਰੋਂ ਨਿਕਲ ਗਿਆ ਅਤੇ ਸਰਹਿੰਦ ਫੀਡਰ ਨਹਿਰ ਵਿਚ ਛਾਲ ਮਾਰ ਦਿੱਤੀ। ਆਪਣੇ ਪੁੱਤਰ ਨੂੰ ਡੁੱਬਦਾ ਦੇਖ ਕੇ ਮੱਖਣ ਸਿੰਘ ਨੇ ਵੀ ਉਸਨੂੰ ਬਚਾਉਣ ਦੀ ਕੋਸ਼ਿਸ਼ ਵਿਚ ਨਹਿਰ ਵਿਚ ਛਾਲ ਮਾਰ ਦਿੱਤੀ। ਦੋਵੇਂ ਨਹਿਰ ਦੇ ਤੇਜ਼ ਵਹਾਅ ਵਿਚਕਾਰ ਲਾਪਤਾ ਹੋ ਗਏ। ਪ੍ਰਸ਼ਾਸਨ ਨੇ ਐੱਨਡੀਆਰਐਫ ਦੀ ਸਹਾਇਤਾ ਨਾਲ ਖੋਜ ਮੁਹਿੰਮ ਸ਼ੁਰੂ ਕੀਤੀ। ਚੌਵੀ ਘੰਟੇ ਬਾਅਦ ਵੀਰਵਾਰ ਨੂੰ ਹਰਤੇਜ ਸਿੰਘ ਉਰਫ ਬੱਗਾ ਦੀ ਲਾਸ਼ ਅਬੋਹਰ ਦੇ ਨੇੜੇ ਬਰਾਮਦ ਹੋਈ, ਜਦੋਂ ਕਿ ਉਸਦੇ ਪਿਤਾ ਦੀ ਲਾਸ਼ ਤੀਜੇ ਦਿਨ ਸ਼ੁੱਕਰਵਾਰ ਸਵੇਰੇ ਸੋਥਾ ਹੈੱਡ ਦੇ ਨੇੜੇ ਮਿਲੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਈਜ਼ਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਦਸ਼ਮੇਸ਼ ਨਗਰ ਦਾ ਪੂਰਾ ਮੁਹੱਲਾ ਪਿਤਾ-ਪੁੱਤਰ ਦੀਆਂ ਚਿਤਾਵਾਂ ਨੂੰ ਨਾਲ-ਨਾਲ ਸੜਦੇ ਦੇਖ ਕੇ ਡੂੰਘੇ ਦੁੱਖ ਵਿਚ ਡੁੱਬ ਗਿਆ। ਸੋਗ ਵਿਚ ਡੁੱਬਿਆ ਪਰਿਵਾਰ ਬੇਹਾਲ ਹੈ। ਸਬਜ਼ੀ ਮੰਡੀ ਦੇ ਵਪਾਰੀਆਂ ਨੇ ਕਿਹਾ ਕਿ ਕੋਈ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਇਕ ਮਾਮੂਲੀ ਝਗੜੇ ਦਾ ਨਤੀਜਾ ਇੰਨਾ ਦੁਖਦਾਈ ਹੋਵੇਗਾ। ਦੂਜੇ ਪਾਸੇ ਪਿਉ-ਪੁੱਤਰ ਦੀ ਹੋਈ ਮੌਤ ਦੇ ਚੱਲਦਿਆਂ ਥਾਣਾ ਸਿਟੀ ਸਾਹਮਣੇ ਸਥਿਤ ਸਬਜ਼ੀ ਮੰਡੀ ਮੁਕੰਮਲ ਤੌਰ 'ਤੇ ਬੰਦ ਰਹੀ। ਪੂਰੇ ਸ਼ਹਿਰ ਵਿਚ ਇਸ ਦੁੱਖਦਾਈ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
