ਵਿਆਹ ਵਿਚ ਵੱਧ ਇਕੱਠ ਹੋਣ ਕਾਰਨ ‘ਹਾਲ ਪਿਸ਼ੋਰੀਆਂ’ ਇਕ ਹਫਤੇ ਲਈ ਸੀਲ
Saturday, May 01, 2021 - 05:36 PM (IST)
ਅੰਮਿ੍ਰਤਸਰ (ਦਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਕੋਵਿਡ ਦੇ ਚੱਲਦੇ ਲਗਾਈਆਂ ਪਾਬੰਦੀਆਂ ਦੇ ਚੱਲਦੇ ਵਿਆਹ ਵਿਚ ਵੱਧ ਇਕੱਠ ਹੋਣ ਕਾਰਨ ਐੱਸ. ਡੀ. ਐੱਮ. ਵਿਕਾਸ ਹੀਰਾ ਦੀ ਟੀਮ ਵੱਲੋਂ ਕਟੜਾ ਕਰਮ ਸਿੰਘ ਸਥਿਤ ਹਾਲ ਪਿਸ਼ੌਰੀਆਂ ਨੂੰ ਇਕ ਹਫ਼ਤੇ ਲਈ ਸੀਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਵਿਕਾਸ ਹੀਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ, ਜੋ ਕਿ ਕੋਰੋਨਾ ਦੀ ਰਫ਼ਤਾਰ ਨੂੰ ਤੋੜਨ ਲਈ ਜ਼ਰੂਰੀ ਹਨ, ਨੂੰ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸਿਵਲ ਤੇ ਪੁਲਸ ਅਧਿਕਾਰੀਆਂ ਦੀ ਡਿਊਟੀ 24 ਘੰਟੇ ਲਈ ਲਗਾਈ ਗਈ ਹੈ ਜੋ ਕਿ ਕਿਸੇ ਵੀ ਇਲਾਕੇ ਵਿਚੋਂ ਪਾਬੰਦੀਆਂ ਦਾ ਪਾਲਣ ਨਾ ਹੋਣ ਦੀ ਸੂਰਤ ਵਿਚ ਤਰੁੰਤ ਕਾਰਵਾਈ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਸਾਨੂੰ ਕੋਵਿਡ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਹਾਲ ਪਿਸ਼ੌਰੀਆਂ ਵਿਖੇ ਵਿਆਹ ਹੋ ਰਿਹਾ ਹੈ, ਜਿਸ ਵਿਚ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਵਾਧੂ ਇਕੱਠ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਮਿਲਣ ’ਤੇ ਅਸੀਂ ਪੁਲਸ ਪਾਰਟੀ ਨੂੰ ਨਾਲ ਲੈ ਕੇ ਰੇਡ ਕੀਤਾ, ਤਾਂ ਮੌਕੇ ਉਤੇ ਜਾ ਕੇ ਵਾਧੂ ਇਕੱਠ ਹੋਣ ਕਾਰਨ ਜਿੱਥੇ ਪ੍ਰਬੰਧਕਾਂ ਖ਼ਿਲਾਫ਼ ਪੁਲਸ ਕੇਸ ਦਰਜ ਕਰਵਾਇਆ, ਉਥੇ ਮੈਰਿਜ ਹਾਲ ਨੂੰ ਇਕ ਹਫਤੇ ਲਈ ਸੀਲ ਕਰ ਦਿੱਤਾ ਗਿਆ।
ਹੀਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਬਾਰ, ਸਿਨੇਮਾ, ਮਲਟੀਪੈਕਸ, ਸਪਾ, ਸਵਿੰਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟ ਕੰਪਲੈਕਸ ਆਦਿ ਬੰਦ ਕੀਤੇ ਗਏ ਹਨ। ਸਾਰੇ ਰੈਸਟੋਰੈਂਟ ਤੇ ਹੋਟਲ ਸਿਰਫ ਖਾਣੇ ਦੀ ਡਿਲਵਰੀ ਤੱਕ ਸੀਮਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਆਹ ਜਾਂ ਅੰਤਿਮ ਸੰਸਕਾਰ ਮੌਕੇ 20 ਤੋਂ ਵੱਧ ਵਿਅਕਤੀਆਂ ਦਾ ਇਕੱਠ ਬੰਦ ਹੈ। ਵਿਆਹ ਜਾਂ ਖੁਸ਼ੀ ਦੇ ਸਮਾਗਮ ਲਈ ਤਾਂ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਹੀਰਾ ਨੇ ਕਿਹਾ ਕਿ ਜੇਕਰ ਕੋਈ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਤੁਸੀਂ ਸਾਡੀ ਮਦਦ ਕਰੋ ਅਤੇ ਜਿੱਥੇ ਵੀ ਤਹਾਨੂੰ ਉਕਤ ਹਦਾਇਤਾਂ ਉਤੇ ਅਮਲ ਹੁੰਦਾ ਨਜ਼ਰ ਨਾ ਆਵੇ ਤਾਂ ਸਾਡੇ ਕੰਟਰੋਲ ਰੂਮ ਜਿਸਦੇ ਨੰਬਰ 0183-2500398, 2500498, 2500598, 2500698 ਅਤੇ 2500798 ਉਤੇ ਤਰੁੰਤ ਜਾਣਕਾਰੀ ਦਿਉ।