ਵਿਆਹ ਸਮਾਗਮ ’ਚ ਹਿੱਸਾ ਲੈਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ
Wednesday, Oct 25, 2023 - 06:18 PM (IST)
ਬੁਢਲਾਡਾ (ਬਾਂਸਲ) : ਵਿਆਹ ਸਮਾਗਮ ਵਿਚ ਪਰਿਵਾਰ ਸਮੇਤ ਹਿੱਸਾ ਲੈਣ ਆ ਰਹੇ ਮੋਟਰਸਾਈਕਲ ਸਵਾਰ ਦੀ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਅਤੇ ਪਤਨੀ ਸਮੇਤ 2 ਬੱਚੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਗਰੀਨਲੈਂਡ ਸਕੂਲ ਦੇ ਮਾਲੀ ਧਰਮਵੀਰ (30 ਸਾਲ) ਆਪਣੇ ਪਰਿਵਾਰ ਸਮੇਤ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਬਰੇਟਾ ਤੋਂ ਬੁਢਲਾਡਾ ਆ ਰਿਹਾ ਸੀ ਕਿ ਪਿੰਡ ਦਾਤੇਵਾਸ ਦੇ ਪੈਟਰੋਲ ਪੰਪ ਨੇੜੇ ਇਕ ਕਾਰ ਨਾਲ ਟੱਕਰ ਹੋ ਗਈ।
ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਧਰਮਵੀਰ, ਕਿਰਨਾ (28), ਅਰੁਣ (9), ਤਰੁਣ (7 ਸਾਲ) ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਨੇ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਧਰਮਵੀਰ ਅਤੇ ਸਮੁੱਚੇ ਪਰਿਵਾਰ ਦੀ ਹਾਲਤ ਗੰਭੀਰ ਹੋਣ ਕਾਰਣ ਰੈਫਰ ਕਰ ਦਿੱਤਾ ਗਿਆ। ਜਿੱਥੇ ਰਸਤੇ ਵਿਚ ਧਰਮਵੀਰ ਦੀ ਮੌਤ ਹੋ ਗਈ। ਸਦਰ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਕਿਰਨਾ ਦੇ ਬਿਆਨ ’ਤੇ ਕਾਰ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਉਪਰੰਤ ਮੁਰਦਾਘਰ ਵਿਚ ਭੇਜ ਦਿੱਤੀ ਗਈ ਹੈ। ਉਪਰੋਕਤ ਘਟਨਾ ਤੋਂ ਬਾਅਦ ਮੌਕੇ ’ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਬਲਾਕ ਕਾਂਗਰਸ ਦੇ ਪ੍ਰਧਾਨ ਤਰਜੀਤ ਚਹਿਲ, ਤੀਰਥ ਸਿੰਘ ਸਵੀਟੀ ਆਦਿ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।