ਵਿਆਹ ਦਾ ਕਾਰਡ ਦੇਣ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਹਾਦਸਾ, ਪਤੀ ਦੀ ਮੌਤ

02/08/2018 6:36:49 PM

ਬਨੂੜ (ਗੁਰਪਾਲ) : ਬਨੂੜ ਤੋਂ ਲਾਂਡਰਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਇਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜਾਸਲੀ ਦਾ ਵਸਨੀਕ ਜਸਵੀਰ ਸਿੰਘ (45) ਆਪਣੀ ਪਤਨੀ ਮਨਜੀਤ ਕੌਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਵਿਆਹੀ ਧੀ ਨੂੰ ਵਿਆਹ ਦਾ ਕਾਰਡ ਦੇਣ ਲਈ ਪਿੰਡ ਮੋਲੀ ਬੇਦਵਾਣ ਜਾ ਰਹੇ ਸਨ ਜਦੋਂ ਉਹ ਮੋਟਰਸਾਈਕਲ ਸਵਾਰ ਦੋਵੇਂ ਪਤੀ-ਪਤਨੀ ਬਨੂੜ ਤੋਂ ਲਾਂਡਰਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਸਥਿਤ ਪਿੰਡ ਤੰਗੋਰੀ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਮੋਟਰਸਾਈਕਲ ਸਵਾਰ ਜਸਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਮਨਜੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਵਿਚ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਇਸ ਹਾਦਸੇ ਉਪਰੰਤ ਟਰੱਕ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਬਾਰੇ ਸੰਪਰਕ ਕਰਨ 'ਤੇ ਥਾਣਾ ਸੁਹਾਣਾ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਅਣਪਛਾਤੇ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News