ਇਸ ਸ਼ਖਸ ਤੋਂ ਸੁਣੋ ਕਿਵੇਂ ਮਚੀ ਧਮਾਕੇ ਤੋਂ ਬਾਅਦ ਹਫੜਾ-ਦਫੜੀ (ਵੀਡੀਓ)
Monday, Oct 28, 2019 - 01:07 PM (IST)
ਜਲੰਧਰ— ਦੀਵਾਲੀ ਵਾਲੀ ਰਾਤ ਜਲੰਧਰ ਦੇ ਮਕਸੂਦਾਂ ਵਿਖੇ ਬਾਬਾ ਮੋਹਨ ਦਾਸ ਨਗਰ 'ਚ ਇਕ ਖਾਲੀ ਪਲਾਟ 'ਚ ਧਮਾਕਾ ਹੋਣ ਕਰਕੇ ਹਫੜਾ-ਦਫੜੀ ਮਚ ਗਈ ਸੀ। ਇਸ ਹਾਦਸੇ ਦੀ ਜਿੱਥੇ ਵੀਡੀਓ ਸਾਹਮਣੇ ਆਈ ਹੈ, ਉਥੇ ਹੀ ਸਾਹਮਣੇ ਆਏ ਇਕ ਚਸ਼ਮਦੀਦ ਨੇ ਬਲਾਸਟ ਬਾਰੇ ਜਾਣਕਾਰੀ ਸਾਂਝੀ ਕੀਤੀ। ਚਸ਼ਮਦੀਦ ਨੇ ਕਿਹਾ ਕਿ ਰਾਤ ਦੇ ਸਮੇਂ ਉਹ ਸੈਰ ਕਰਕੇ ਵਾਪਸ ਘਰ ਵੱਲ ਜਾ ਰਹੇ ਸਨ ਤਾਂ ਇਸੇ ਦੌਰਾਨ ਉਨ੍ਹਾਂ ਨੂੰ ਬਲਾਸਟ ਹੋਣ ਦੀ ਆਵਾਜ਼ ਸੁਣਾਈ ਦਿੱਤੀ।
ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਕਿਸੇ ਨੇ ਕੋਈ ਵੱਡਾ ਪਟਾਕਾ ਚਲਾਇਆ ਹੋਵੇਗਾ। ਇਸ ਤੋਂ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਘਰ ਦੀ ਛੱਤ 'ਤੇ ਜਾ ਕੇ ਇਕ ਦੋਸਤ ਨੂੰ ਫੋਨ ਕੀਤਾ ਅਤੇ ਬਾਅਦ 'ਚ ਉਕਤ ਸਥਾਨ 'ਤੇ ਪੁੱਛਗਿੱਛ ਕਰਨ ਤੋਂ ਬਾਅਦ ਬਲਾਸਟ ਹੋਣ ਦਾ ਪਤਾ ਲੱਗਾ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਸੂਚਨਾ ਪਾ ਕੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਹਿਲ ਗਈਆਂ ਅਤੇ ਗੱਡੀਆਂ ਸਮੇਤ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ। ਉਥੇ ਹੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਪੁਲਸ ਪਾਰਟੀ ਦੇ ਨਾਲ ਪਹੁੰਚੇ। ਪੁਲਸ ਵੱਲੋਂ ਡਾਗ ਸਕੂਐਡ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੂੰ ਵੀ ਸੱਦਿਆ ਗਿਆ ਸੀ।
ਪੁਲਸ ਕਮਿਸ਼ਨਰ ਗੁਰੁਪ੍ਰੀਤ ਸਿੰਘ ਭੁਲੱਰ ਨੇ ਸਾਰੇ ਮਾਮਲੇ ਦੀ ਪੁਸ਼ਟੀ ਕਰਦੇ ਕਿਹਾ ਕਿ ਦੱਸਿਆ ਕਿ ਧਮਾਕਾ ਖਾਲੀ ਪਲਾਟ 'ਚ ਡੰਪ ਕੀਤੇ ਗਏ ਧਮਾਕਾਖੇਜ਼ ਪਟਾਕਿਆਂ ਕਾਰਨ ਹੀ ਹੋਇਆ ਹੈ। ਉਕਤ ਪਲਾਟ ਬਸਤੀ ਖੇਤਰ 'ਚ ਰਹਿਣ ਵਾਲੇ ਕਿਸੇ ਪਟਾਕਾ ਵਪਾਰੀ ਦਾ ਦੱਸਿਆ ਜਾ ਰਿਹਾ ਹੈ, ਜਿਸ ਨੇ ਪ੍ਰਸ਼ਾਸਨਿਕ ਸਖਤੀ ਕਾਰਨ ਪਟਾਕੇ ਇਥੇ ਡੰਪ ਕੀਤੇ ਹੋਏ ਸਨ। ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਫਿਰ ਵੀ ਸਾਰੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।