'ਕੋਰੋਨਾ ਵਾਇਰਸ' ਨਾਲ ਲੜਨ ਵਾਲੇ ਸਿਹਤ ਵਿਭਾਗ ਦੇ ਕਈ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਤਨਖ਼ਾਹ

Tuesday, Apr 07, 2020 - 10:16 PM (IST)

'ਕੋਰੋਨਾ ਵਾਇਰਸ' ਨਾਲ ਲੜਨ ਵਾਲੇ ਸਿਹਤ ਵਿਭਾਗ ਦੇ ਕਈ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਤਨਖ਼ਾਹ

ਪਟਿਆਲਾ, (ਜੋਸਨ)- ਦੇਸ਼-ਦੁਨੀਆ ਵਿਚ 'ਕੋਰੋਨਾ' ਦੇ ਕਹਿਰ ਕਾਰਣ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਰਕਾਰੀ ਪ੍ਰਾਈਵੇਟ ਮੁਲਾਜ਼ਮਾਂ ਦੀ ਤਨਖਾਹ ਨਾ ਕੱਟਣ ਦੀ ਗੱਲ ਕਰ ਰਹੇ ਹਨ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਲਾਈਵ ਹੋ ਕੇ ਸਭ ਨੂੰ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੀ ਸਲਾਹ ਦੇ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੇ ਵਿੱਤ ਵਿਭਾਗ ਵੱਲੋਂ ਰੋਕੀਆਂ ਤਨਖਾਹਾਂ ਕਾਰਣ ਡਾਕਟਰਾਂ, ਨਰਸਾਂ ਅਤੇ ਸਿਹਤ ਵਿਭਾਗ ਦੇ ਹੋਰ ਸੈਂਕੜੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਚੁੱਲ੍ਹੇ ਠੰਡੇ ਹੋਣ ਕਿਨਾਰੇ ਹਨ। ਆਪਣੀ ਜਾਨ ਜੋਖਮ 'ਚ ਪਾ ਕੇ 'ਕੋਰੋਨਾ ਵਾਇਰਸ' ਤੋਂ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਕਰਨ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹਾਂ ਤੋਂ ਵਾਂਝੇ ਰੱਖ ਕੇ ਦਿਨ-ਰਾਤ ਇਕ ਕਰ ਕੇ ਹਾਈ ਰਿਸਕ ਡਿਊਟੀਆਂ ਕਰਨ ਦਾ ਪੰਜਾਬ ਸਰਕਾਰ ਵੱਲੋਂ 'ਚੰਗਾ ਸਿਲ੍ਹਾ' ਦਿੱਤਾ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਮਨਪ੍ਰੀਤ ਬਾਦਲ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਸਿਹਤ ਵਿਭਾਗ ਪੰਜਾਬ ਦੇ ਡੈਪੂਟੇਸ਼ਨ ਵਾਲੇ ਮੁਲਾਜ਼ਮਾਂ ਨੂੰ ਮਾਰਚ ਤੋਂ ਬਾਅਦ ਤਨਖਾਹ ਨਹੀਂ ਮਿਲਣੀ। ਚਾਹੇ ਉਹ ਸਟਾਫ ਨਰਸਾਂ ਹੋਣ, ਡਾਕਟਰ ਜਾਂ ਮਨਿਸਟੀਰੀਅਲ ਸਟਾਫ ਹੋਵੇ, ਕੋਈ ਵੀ 31 ਮਾਰਚ 2020 ਤੋਂ ਬਾਅਦ ਦੂਜੇ ਸਟੇਸ਼ਨਾਂ 'ਤੇ ਆਪਣੀ ਤਨਖਾਹ ਕਲੇਮ ਨਹੀਂ ਕਰ ਸਕੇਗਾ। ਇਸ ਤੋਂ ਪਹਿਲਾਂ ਸਤੰਬਰ 2019 ਤੱਕ ਇਹ ਪਾਬੰਦੀ ਸੀ। ਇਸ ਮਗਰੋਂ ਮੁਲਾਜ਼ਮਾਂ ਨੂੰ 6 ਮਹੀਨਿਆਂ ਦੀ ਛੋਟ ਦਿੱਤੀ ਗਈ, ਜੋ ਕਿ 31 ਮਾਰਚ ਤੱਕ ਹੀ ਸੀ।ਤਨਖਾਹਾਂ ਨਾ ਮਿਲਣ ਦੀ ਨਾ-ਉਮੀਦੀ ਕਾਰਣ ਸਿਹਤ ਵਿਭਾਗ ਦੇ ਇਨ੍ਹਾਂ ਕਰਮਚਾਰੀਆਂ ਵਿਚ ਬੇਹੱਦ ਨਿਰਾਸ਼ਾ ਦਾ ਆਲਮ ਹੈ। ਇਨ੍ਹਾਂ ਵਿਚ ਸਟਾਫ ਨਰਸਾਂ ਅਤੇ ਕਲੈਰੀਕਲ ਮੁਲਾਜ਼ਮਾਂ ਸਮੇਤ ਸਿਹਤ ਵਿਭਾਗ ਦੇ ਉਹ ਕਰਮਚਾਰੀ ਵੀ ਸ਼ਾਮਲ ਹਨ, ਜੋ ਆਪਣੀ ਜ਼ਿੰਦਗੀ ਜੋਖਮ ਵਿਚ ਪਾ ਕੇ 24 ਘੰਟੇ ਡਿਊਟੀਆਂ ਦੇ ਰਹੇ ਹਨ। ਇਨ੍ਹਾਂ ਵਿਚੋਂ ਸਿਹਤ ਵਿਭਾਗ ਦਾ ਕੁਝ ਸਟਾਫ ਤਾਂ ਆਈਸੋਲੇਸ਼ਨ ਵਾਰਡਾਂ ਵਿਚ ਹਾਈ ਰਿਸਕ ਡਿਊਟੀਆਂ 'ਤੇ ਹੈ, ਜਿਥੇ ਉਨ੍ਹਾਂ ਦੀ ਡਿਊਟੀ 'ਕੋਰੋਨਾ ਵਾਰਡਾਂ' ਵਿਚ ਲੱਗੀ ਹੋਈ ਹੈ। ਇਕੱਲੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਵਿਚ ਹੀ 120 ਤੋਂ ਵੱਧ ਪਟਿਆਲੇ ਦੀਆਂ ਸਟਾਫ ਨਰਸਾਂ ਡਿਊਟੀ ਕਰ ਰਹੀਆਂ ਹਨ। ਇਸ ਤੋਂ ਅੱਧੀ ਗਿਣਤੀ ਵਿਚ ਪੈਰਾ-ਮੈਡੀਕਲ ਸਟਾਫ ਅਤੇ ਕਲੈਰੀਕਲ ਅਮਲਾ ਹੈ। ਪਟਿਆਲਾ ਵਿਖੇ ਵੀ ਦੂਜੇ ਸਟੇਸ਼ਨਾਂ ਦੀਆਂ ਦਰਜਨਾਂ ਸਟਾਫ ਨਰਸਾਂ ਡਿਊਟੀ ਕਰ ਰਹੀਆਂ ਹਨ।


author

Bharat Thapa

Content Editor

Related News