ਪਿਛਲੇ 7 ਸਾਲ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਨੂੰ ਕੌਮੀ ਸਨਮਾਨ
Thursday, Sep 12, 2019 - 09:21 AM (IST)

ਮਾਨਸਾ : ਮਾਨਸਾ ਦੇ ਪਿੰਡ ਘਰਾਂਗਣਾ ਦੇ ਕਿਸਾਨ ਬਲਵਿੰਦਰ ਸਿੰਘ ਸਿੱਧੂ ਨੂੰ ਪਿਛਲੇ 6-7 ਸਾਲਾਂ ਤੋਂ ਵਾਤਾਵਰਣ ਪੱਖੀ ਤਰੀਕੇ ਨਾਲ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਪਰਾਲੀ ਨਾ ਸਾੜਨ ਲਈ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੇਵਾਮੁਕਤ ਪਟਵਾਰੀ ਬਲਵਿੰਦਰ ਸਿੰਘ ਪੰਜਾਬ ਦੇ ਉਨ੍ਹਾਂ 10 ਕਿਸਾਨਾਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਖੇਤੀਬਾੜੀ ਖੋਜ ਅਤੇ ਖੇਤੀਬਾੜੀ ਵਿਭਾਗ ਦੀ ਭਾਰਤੀ ਸਭਾ ਅਤੇ ਕਿਸਾਨ ਭਲਾਈ ਵਲੋਂ ਐਨ. ਏ. ਐਸ. ਸੀ. ਕੰਪਲੈਕਸ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਹੈ।
ਕਾਨਫਰੰਸ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ਦੇ 1500 ਕਿਸਾਨਾਂ ਨੇ ਭਾਗ ਲਿਆ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ ਅਤੇ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਤਿਰਲੋਚਨ ਮੋਹਾਪਤਰਾ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿਚ ਪਾਏ ਯੋਗਦਾਨ ਲਈ ਪੰਜਾਬ ਦੇ 10 ਕਿਸਾਨਾਂ ਨੂੰ ਸਨਮਾਨਿਤ ਕੀਤਾ। ਜਰੂਰੀ ਕਾਰਨਾਂ ਕਰਕੇ ਖ਼ੁਦ ਅਵਾਰਡ ਲੈਣ ਜਾਣ ਲਈ ਅਸਮਰਥ ਮਾਨਸਾ ਦੇ ਕਿਸਾਨ ਬਲਵਿੰਦਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਨੂੰ ਸਨਮਾਨ ਲੈਣ ਲਈ ਭੇਜਿਆ।
23 ਏਕੜ ਜ਼ਮੀਨ ਦਾ ਮਾਲਕ ਬਲਵਿੰਦਰ ਸਿੰਘ ਪਿਛਲੇ 6-7 ਸਾਲ ਤੋਂ ਪਰਾਲੀ ਨਹੀਂ ਸਾੜ ਰਿਹਾ। ਇਸ ਦੀ ਬਜਾਏ ਉਹ ਇਸ ਨੂੰ ਮਿੱਟੀ ਵਿਚ ਵਾਹ ਦਿੰਦਾ ਹੈ ਅਤੇ ਇਸ ਨੂੰ ਖਾਦ ਦੇ ਤੌਰ ਤੇ ਵਰਤ ਕੇ ਘੱਟ ਪਾਣੀ ਅਤੇ ਘੱਟ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦਿਆਂ ਆਪਣੀ ਫਸਲ ਉਘਾਉਂਦਾ ਹੈ। ਮਾਨਸਾ ਜਿਹੇ ਖੇਤਰ ਵਿਚ ਝੋਨੇ ਦੀ ਪਰਾਲੀ ਮਿੱਟੀ ਵਿਚਲੇ ਤੇਜ਼ਾਬੀਪਣ ਅਤੇ ਖਾਰੇਪਣ ਨੂੰ ਘਟਾਉਣ ਵਿਚ ਸਹਾਇਤਾ ਕਰਦੀ ਹੈ। ਜਿਵੇਂ ਕਿ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਸਿੰਚਾਈ ਦੇ ਯੋਗ ਨਹੀਂ ਹੈ, ਪਰਾਲੀ ਪੋਟਾਸ਼, ਫਾਸਫੋਰਸ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਜ਼ਮੀਨ ਲਈ ਫ਼ਾਇਦੇਮੰਦ ਹੁੰਦੀ ਹੈ।