ਮਾਨਸਾ ਪ੍ਰਸ਼ਾਸਨ ਵਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਤਿੰਨ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ

10/21/2020 6:03:23 PM

ਮਾਨਸਾ (ਮਨਜੀਤ ਕੌਰ): ਪਿਛਲੇ ਦਿਨੀਂ ਰੇਲਵੇ ਸਟੇਸ਼ਨ ਮਾਨਸਾ ਵਿਖੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਧਰਨੇ 'ਤੇ ਬੈਠੇ ਕਿਸਾਨ ਜੁਗਰਾਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗੁੜੱਦੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਪੀੜਤ ਪਰਿਵਾਰ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਮ੍ਰਿਤਕ ਕਿਸਾਨ ਦੇ ਵਾਰਸਾਂ ਨੂੰ 3 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਵਲ ਤੇ ਪੁਲਸ ਪ੍ਰਸ਼ਾਸਨ ਵਲੋਂ ਲਗਾਤਾਰ ਪੀੜਤ ਪਰਿਵਾਰ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਸ਼ਰਮਸਾਰ ਹੋਣ ਤੋਂ ਬਚਿਆ ਪੰਜਾਬ,ਰਾਹਗੀਰ ਨੇ ਬਚਾਈ 8 ਸਾਲਾ ਬੱਚੀ ਦੀ ਇੱਜ਼ਤ

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੁਰੰਤ ਮਾਮਲਾ ਸਰਕਾਰ ਦੇ ਧਿਆਨ 'ਚ ਲਿਆਂਦਾ ਗਿਆ ਅਤੇ ਸਰਕਾਰ ਨੇ ਪੀੜਤ ਪਰਿਵਾਰ ਲਈ 3 ਲੱਖ ਰੁਪਏ ਮੁਆਵਜ਼ਾ ਅਤੇ ਮ੍ਰਿਤਕ ਦੇ ਬੇਟੇ ਨੂੰ ਆਊਟ ਸੋਰਸਿੰਗ ਪ੍ਰਣਾਲੀ ਰਾਹੀਂ ਯੋਗਤਾ ਅਨੁਸਾਰ ਡੀ.ਸੀ. ਦਫ਼ਤਰ ਵਿਖੇ ਰੱਖੇ ਜਾਣ ਸਬੰਧੀ ਢੁੱਕਵੀਂ ਕਾਰਵਾਈ ਅਮਲ 'ਚ ਲਿਆਉਣ ਸਬੰਧੀ ਹਦਾਇਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਗੁਰਮੀਤ ਸਿੰਘ ਬਰਾੜ ਅਤੇ ਡੀ.ਐੱਸ.ਪੀ. (ਡੀ.) ਸਰਬਜੀਤ ਸਿੰਘ ਦੀ ਹਾਜ਼ਰੀ 'ਚ ਮ੍ਰਿਤਕ ਕਿਸਾਨ ਦੇ ਬੇਟੇ ਬਖਸ਼ੀਸ਼ ਸਿੰਘ ਨੂੰ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਬਾਕੀ ਦੋ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਮ੍ਰਿਤਕ ਦੀ ਨਮਿੱਤ ਅੰਤਿਮ ਅਰਦਾਸ ਮੌਕੇ ਵਾਰਸਾਂ ਨੂੰ ਸੌਂਪਿਆ ਜਾਵੇਗਾ।ਤਹਿਸੀਲਦਾਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਕੱਲ੍ਹ ਨੂੰ ਪਰਿਵਾਰ ਵਲੋਂ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ


Shyna

Content Editor

Related News