ਪੰਜਾਬ ’ਚ ਸਿਆਸੀ ਪਾਰਟੀਆਂ ਗੈਰ-ਸਿਧਾਂਤਕ, ਲੀਡਰ ਆਪਣਿਆਂ ਦੀਆਂ ਖਿੱਚਣ ਲੱਗੇ ਲੱਤਾਂ!

Wednesday, Feb 05, 2020 - 06:47 PM (IST)

ਮਾਨਸਾ (ਜੱਸਲ) - ਪੰਜਾਬ ’ਚ ਸਿਆਸੀ ਪਾਰਟੀਆਂ ਅੰਦਰ ਲਗਾਤਾਰ ਬਗਾਵਤੀ ਸੁਰਾਂ ਉਠ ਰਹੀਆਂ ਹਨ। ਇਸ ਕਾਰਣ ਸਿਆਸੀ ਪਾਰਟੀਆਂ ਗੈਰ-ਸਿਧਾਂਤਕ ਹੋਣ ’ਤੇ ਆਪਣੇ ਆਸ਼ੇ ਤੋਂ ਭਟਕ ਗਈਆਂ ਹਨ। ਕੋਈ ਵੇਲਾ ਹੁੰਦਾ ਸੀ ਕਿ ਸਿਆਸੀ ਪਾਰਟੀਆਂ ਆਪਣੇ ਵਿਰੋਧੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਭੰਡਦੀਆਂ ਸਨ। ਹੁਣ ਸਭ ਪਾਰਟੀਆਂ ’ਚ ਬਗਾਵਤੀ ਸੁਰਾਂ ਉਠਣ ਸਦਕਾ ਸਿਰਫ ਆਪਣਿਆਂ ਦੀ ਲੱਤਾਂ ਖਿੱਚਣ ਦਾ ਦੌਰ ਚੱਲ ਰਿਹਾ ਹੈ। ਕੋਈ ਵੇਲਾ ਸੀ, ਅਕਾਲੀ ਦਲ ਬਾਦਲ ਪੰਜਾਬ ਦੀ ਵੱਡੀ ਰਵਾਇਤੀ ਪਾਰਟੀ ਮੰਨੀ ਜਾਂਦੀ ਸੀ। ਇਸ ਪਾਰਟੀ ਨੂੰ ਵੱਡੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਚੁਣੌਤੀ ਬਣ ਕੇ ਉਭਰੇ ਹਨ, ਜਿਸ ਸਦਕਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਪਣੀ ਸਾਖ ਬਚਾਉਣ ਲਈ ਰੈਲੀਆਂ ਕਰਨੀਆਂ ਪੈ ਰਹੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ’ਚ ਵਿਧਾਇਕਾਂ ਅਤੇ ਮੰਤਰੀਆਂ ਦੀ ਕੋਈ ਪੁੱਛਗਿੱਛ ਨਾ ਹੋਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿੱਖੇ ਤੇਵਰ ਦਿਖਾ ਰਹੇ ਹਨ।

ਪੰਜਾਬ ਦੇ ਲੋਕਾਂ ਦਾ ਕੈਪਟਨ ਦੇ ਦਰਸ਼ਨ ਕਰਨ ਦਾ ਸੁਪਨਾ ਨਹੀਂ ਹੋਇਆ ਸਾਕਾਰ
ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁਖ ਮੰਤਰੀ ਬਣਨ ਦਾ ਸੁਪਨਾ ਪੂਰਾ ਕਰ ਲਿਆ ਹੈ ਪਰ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਦਰਸ਼ਨ ਕਰਨ ਦੇ ਸੁਪਨੇ ਸਾਕਾਰ ਨਹੀਂ ਹੋਏ। ਇਸ ਵੇਲੇ ਸਿਰਫ ਅਫਸਰਸ਼ਾਹੀ ਸਰਕਾਰ ਚਲਾ ਰਹੀ ਹੈ। ਇਸ ਪਾਰਟੀ ਅੰਦਰ ਵੀ ‘ਸਭ ਅੱਛਾ ਨਹੀ’ ਦਿਖਾਈ ਦੇਣ ਲੱਗਾ ਹੈ। ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਝਾਡ਼ੂ ਰਵਾਇਤੀ ਪਾਰਟੀਆਂ ਨੂੰ ਖੇਰੂ-ਖੇਰੂ ਕਰਨ ਦਾ ਬਿਜਾਏ ਆਪ ਹੀ ਤੀਲਾ-ਤੀਲਾ ਹੋ ਗਿਆ ਹੈ। ਇਹ ਪਾਰਟੀ ਪੰਜਾਬ ਦੀ ਸਿਆਸਤ ’ਚ ਨਵਾਂ ਰੰਗ ਲਿਅਾਉਣ ਤੋਂ ਪਹਿਲਾਂ ਹੀ ਖਿੱਲਰ ਗਈ। ਇਸ ਦੇ ਦਰਜਨਾਂ ਵਿਧਾਇਕ ਪਾਰਟੀ ਅੰਦਰਲੀ ਡਿਕਟੇਟਰਸ਼ਿਪ ਤੋਂ ਖਫਾ ਹੋ ਕੇ ਪਹਿਲਾਂ ਹੀ ਮੈਦਾਨ ਛੱਡ ਚੁੱਕੇ ਹਨ। ਅਜਿਹੇ ਦੌਰ ’ਚ ਸਭ ਸਿਆਸੀ ਪਾਰਟੀਆਂ ਗੈਰ ਸਿਧਾਂਤਕ ਹੋਣ ਤੇ ਪੰਜਾਬ ਦੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕੀਆਂ ਹਨ।

ਅਜਿਹੇ ਦੌਰ ’ਚ ਪੰਜਾਬ ਦਾ ਹੋ ਰਿਹਾ ਵੱਡਾ ਨੁਕਸਾਨ
ਹੁਣ ਸਿਆਸੀ ਪਾਰਟੀਆਂ ਆਪਣਿਆਂ ਨੂੰ ਸ਼ਕਤੀ ਰੈਲੀਆਂ ਕਰ ਕੇ ਭੰਡਣ ਲੱਗੀਆਂ ਹਨ। ਇਨ੍ਹਾਂ ਰੈਲੀਆਂ ’ਚ ਸਿਆਸੀ ਲੀਡਰਾਂ ਨੇ ਲੋਕ ਹਿੱਤਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਜਿਸ ਕਾਰਣ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਨਸ਼ਾ ਸਮੱਗਲਰਾਂ , ਭੂ ਮਾਫੀਆ ਜਾਂ ਗੈਗਸਟਰਾਂ ਦਾ ਡਰ ਨਹੀਂ ਬਲਕਿ ਪੰਜਾਬ ਅੰਦਰ ਉਭਰ ਰਹੇ ਸਿਆਸੀ ਅੱਤਵਾਦ ਤੋਂ ਖੌਫ ਹੈ!


rajwinder kaur

Content Editor

Related News