ਅੰਤਰਰਾਜੀ ਮੋਬਾਇਲ ਬੈਟਰੀ ਗਿਰੋਹ ਦਾ ਪਰਦਾਫਾਸ਼, 46,663 ਬੈਟਰੀਆਂ ਸਮੇਤ 1 ਕਾਬੂ

10/15/2019 12:37:51 PM

ਮਾਨਸਾ (ਸੰਦੀਪ ਮਿੱਤਲ) : ਜ਼ਿਲਾ ਪੁਲਸ ਨੇ ਅੰਤਰਰਾਜੀ ਮੋਬਾਇਲ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਵੱਖ-ਵੱਖ ਨਾਮੀ ਕੰਪਨੀਆਂ ਦੇ ਮਾਰਕੇ ਵਾਲੀਆਂ 46,663 ਮੋਬਾਇਲ ਬੈਟਰੀਆਂ ਬਰਾਮਦ ਕਰ ਕੇ 1 ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਡੁਪਲੀਕੇਟ ਤਿਆਰ ਕੀਤੀਆਂ ਬੈਟਰੀਆਂ 'ਤੇ ਵੱਖ-ਵੱਖ ਨਾਮੀ ਕੰਪਨੀਆਂ ਦੇ ਮਾਰਕੇ ਲਾ ਕੇ ਬਾਜ਼ਾਰ 'ਚ ਸਪਲਾਈ ਕਰਨ ਵਾਲੇ ਵਿਨੋਦ ਕੁਮਾਰ ਉਰਫ ਵਿਸ਼ੂ ਪੁੱਤਰ ਦਰਸ਼ਨ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰ ਕੇ ਉਸ ਕੋਲੋਂ ਬਾਜ਼ਾਰੀ ਕੀਮਤ ਅਨੁਸਾਰ 1 ਕਰੋੜ 16 ਲੱਖ 65 ਹਜ਼ਾਰ 750 ਰੁਪਏ ਦੀਆਂ 46,663 ਬੈਟਰੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਵਿਨੋਦ ਕੁਮਾਰ ਉਰਫ ਵਿਸ਼ੂ, ਰਵੀ ਕਾਂਤ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਚਹਿਰੀ ਰੋਡ ਮਾਨਸਾ ਅਤੇ ਰਾਹੁਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕਾਲਜ ਰੋਡ ਮਾਨਸਾ, ਜੋ ਚਾਈਨਾ-ਮੇਡ ਮਾਲ ਲਿਆ ਕੇ ਸੈਮਸੰਗ, ਨੋਕੀਆ, ਆਈ. ਫੋਨ ਆਦਿ ਮੋਬਾਇਲ ਕੰਪਨੀਆਂ ਦੇ ਰੈਪਰ ਲਾ ਕੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਮਾਰਕੀਟਾਂ 'ਚ ਵੇਚਦੇ ਹਨ। ਜਿਸ 'ਤੇ ਉਪ ਪੁਲਸ ਕਪਤਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ 2 ਮਾਨਸਾ ਦੇ ਮੁਖੀ ਇੰਸ. ਮੋਹਨ ਲਾਲ ਅਤੇ ਸੀ. ਆਈ. ਏ. ਸਟਾਫ ਇੰਚਾਰਜ ਅੰਗਰੇਜ਼ ਸਿੰਘ 'ਤੇ ਆਧਾਰਿਤ ਪੁਲਸ ਪਾਰਟੀਆਂ ਨੇ ਰੇਡ ਦੌਰਾਨ ਵਿਨੋਦ ਕੁਮਾਰ ਉਰਫ਼ ਵਿਸ਼ੂ ਨੂੰ ਕਾਬੂ ਕਰ ਕੇ ਕਰੀਬ 46,663 ਬੈਟਰੀਆਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਕੁੱਝ ਤਿਆਰ ਕਰਨ ਵਾਲੀਆਂ ਬਿਨਾਂ ਰੈਪਰ ਵਾਲੀਆਂ ਅਤੇ 14 ਵੱਡੇ ਰੋਲ (ਰੈਪਰ), 750 ਡੁਪਲੀਕੇਟ ਲੀਡਾਂ, 400 ਡੁਪਲੀਕੇਟ ਚਾਰਜਰ (ਅਡਾਪਟਰ) ਆਦਿ ਸਾਮਾਨ ਵੀ ਮੌਕੇ ਤੋਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਡੁਪਲੀਕੇਟ ਬੈਟਰੀਆਂ/ਤਿਆਰ ਕਰਨ ਵਾਲਾ ਮਟੀਰੀਅਲ ਚੀਨ ਦੇਸ਼ ਦੀ ਕਾਰਗੋ ਐੱਮ. ਐੱਚ. ਟੀ. ਸੀ. ਕੰਪਨੀ ਤੋਂ ਅਤੇ ਦਿੱਲੀ ਦੀ ਗੁਫਾਰ ਮਾਰਕੀਟ ਤੋਂ ਮੰਗਵਾਉਂਦੇ ਹਨ ਅਤੇ ਖੁਦ ਵੀ ਜਾ ਕੇ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਕਾਰਵਾਈ ਜਾਰੀ ਹੈ।


cherry

Content Editor

Related News