ਦੀਵਾਲੀ ਮੌਕੇ ਮਾਨਸਾ ਦਾ ਜ਼ਿਲਾ ਪੁਲਸ ਮੁਖੀ ਹੋਇਆ ਗਾਇਬ!
Saturday, Oct 26, 2019 - 07:08 PM (IST)
ਮਾਨਸਾ,(ਸੰਦੀਪ ਮਿੱਤਲ) : ਹਮੇਸ਼ਾ ਦਲੇਰਾਨਾ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਵਜੋਂ ਜਾਣਿਆਂ ਜਾਂਦਾ ਜ਼ਿਲਾ ਪੁਲਸ ਮੁਖੀ ਮਾਨਸਾ ਡਾ. ਨਰਿੰਦਰ ਭਾਰਗਵ ਪਿਛਲੇ ਦੋ ਦਿਨਾਂ ਤੋਂ ਅਲੋਪ ਹੈ, ਜਿਹੜਾ ਕਿ ਲੋਕਾਂ ਨੂੰ ਮਿਲ ਕੇ ਹਮੇਸ਼ਾ ਖੁਸ਼ ਹੁੰਦਾ ਸੀ ਉਹ ਅੱਜ-ਕੱਲ•ਲੋਕਾਂ ਤੋਂ ਦੂਰ ਰਹਿਣ ਲੱਗ ਪਿਆ ਹੈ। ਜਿਹੜਾ ਪੁਲਸ ਅਧਿਕਾਰੀ ਦਫ਼ਤਰ ਤੇ ਆਪਣੇ ਗ੍ਰਹਿ ਵਿਖੇ ਹਮੇਸ਼ਾ ਆਉਣ-ਜਾਣ ਵਾਲਿਆਂ ਦਾ ਸਤਿਕਾਰ ਕਰਦਾ ਹੁੰਦਾ ਸੀ ਹੁਣ ਉਹ ਅਚਾਨਕ ਹੀ ਗਾਇਬ ਹੋ ਜਾਵੇ, ਇਸ ਗੱਲ ਤੋਂ ਲੋਕ ਬੜੇ ਹੈਰਾਨ-ਪ੍ਰੇਸ਼ਾਨ ਹੋ ਰਹੇ ਹਨ।
ਪਿਛਲੇ ਲਗਾਤਾਰ ਦੋ ਦਿਨਾਂ ਤੋਂ ਉਨ੍ਹਾਂ ਦੇ ਘਰੋਂ ਤੇ ਦਫ਼ਤਰੋਂ ਹੁਣ ਹਰ ਰੋਜ਼ ਹੀ ਮੋਹਤਵਰ ਆਗੂ, ਸਿਆਸੀ ਨੇਤਾ, ਉੱਚ ਅਧਿਕਾਰੀ, ਸਰਕਾਰੇ ਦਰਬਾਰੇ ਟੋਰ ਰੱਖਣ ਵਾਲੇ ਲੋਕ ਪੁੱਛ-ਗਿਛ ਕਰਕੇ ਵਾਪਸ ਮੁੜ ਰਹੇ ਹਨ ਪਰ ਉਹ ਕਿਸੇ ਨੂੰ ਵੀ ਆਪਣਾ ਟਿਕਾਣਾ ਨਹੀਂ ਦੱਸ ਰਹੇ ਹਨ, ਜਦਕਿ ਪੁਲਸ ਮੁਖੀ ਭਾਰਗਵ ਬੈਠੇ ਜਿਲੇ 'ਚ ਹੀ ਡਿਊਟੀ ਕਰ ਰਹੇ ਹਨ। ਡਾ. ਭਾਰਗਵ ਦਾ ਜਿਲੇ ਦੇ ਉਚ ਪੁਲਸ ਅਫ਼ਸਰਾਂ ਨੂੰ ਹੀ ਪਤਾ ਹੈ ਕਿ ਉਹ ਕਿੱਥੇ ਬੈਠੇ ਹਨ ਪਰ ਉਹ ਕਿਸੇ ਨੂੰ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਤੇ ਨਾ ਹੀ ਕਿਸੇ ਨੂੰ ਇਸ ਦੀ ਭਿਣਕ ਹੈ। ਉਨ੍ਹਾਂ ਵੱਲੋਂ ਅਜਿਹਾ ਵਰਤਾਰਾ ਹਰ ਵਾਰ ਦੀਵਾਲੀ ਦੇ ਤਿਉਹਾਰ ਮੌਕੇ 'ਤੇ ਹੀ ਕੀਤਾ ਜਾਂਦਾ ਹੈ।
ਦਰਅਸਲ ਉਹ ਲੋਕਾਂ ਤੋਂ ਤੋਹਫੇ ਲੈਣ ਦੇ ਸ਼ੌਕੀਨ ਨਹੀਂ ਹਨ ਸਗੋਂ ਅਜਿਹੀ ਮਿੱਥ ਨੂੰ ਤੋੜਨ ਲਈ ਹੀ ਉਹ ਗਾਇਬ ਹੋਏ ਹਨ ਤੇ ਲੋਕਾਂ ਕੋਲੋਂ ਦੀਵਾਲੀ ਦਾ ਕੋਈ ਗਿਫ਼ਟ ਵਸੂਲ ਕਰਨ ਤੋਂ ਜਵਾਬ ਦੇ ਕੇ ਦਿਲ ਤੋੜਨ ਨਾਲੋਂ ਗਾਇਬ ਹੋਣ ਨੂੰ ਹੀ ਪਹਿਲ ਦੇ ਰਹੇ ਹਨ। ਉਂਝ ਡਾ. ਭਾਰਗਵ ਮੰਨਦੇ ਹਨ ਕਿ ਗਿਫ਼ਟ ਕੋਈ ਮਾੜੀ ਭਾਵਨਾ ਨਹੀਂ ਪਰ ਇਸ ਨਾਲ ਕਈ ਵਾਰ ਗਲਤ ਧਾਰਨਾ ਪੈਦਾ ਹੋ ਜਾਂਦੀ ਹੈ ਤੇ ਉਹ ਇਮਾਨਦਾਰਤਾ ਉੱਪਰ ਦਾਗ ਖੜਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਗਿਫ਼ਟ ਲੈਣ ਜਾਂ ਦੇਣ ਦਾ ਵਿਰੋਧ ਨਹੀਂ ਕਰਦੇ ਪਰ ਆਪਣੇ ਪਰਿਵਾਰਿਕ ਪਿਛੋਕੜ ਦਾ ਖਿਆਲ ਰੱਖਦਿਆਂ ਤੇ ਤਰਜੀਹ ਦਿੰਦਿਆਂ ਹਮੇਸ਼ਾ ਦਸਵੰਧ ਕੱਢਕੇ ਪੁੰਨ-ਦਾਨ ਨੂੰ ਤਰਜੀਹ ਦਾ ਹੀ ਖਿਆਲ ਰੱਖਦੇ ਹਨ। ਉਨ੍ਹਾਂ ਨੇ ਆਪਣਾ ਸੁਭਾਅ ਹੀ ਐਸਾ ਬਣਾ ਲਿਆ ਹੈ ਕਿ ਅਜਿਹੇ ਲੈਣ-ਦੇਣ ਵਾਲੇ ਸੱਭਿਆਚਾਰਕ ਤੋਂ ਜਿਨਾਂ ਬਚਿਆ ਜਾਵੇ, ਉਨਾਂ ਹੀ ਚੰਗਾ ਰਹਿੰਦਾ ਹੈ। ਉਨ੍ਹਾਂ ਜਿਲ਼ੇ ਦੇ ਸਾਰੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਜਿਹੀ ਰਵਾਇਤ ਨੂੰ ਤੋੜ ਕੇ ਦੀਵਾਲੀ ਉੱਪਰ ਮਿਠਾਈਆਂ, ਪਟਾਕਿਆਂ, ਤੋਹਫ਼ਿਆਂ ਤੇ ਹੋਰ ਫ਼ਾਲਤੂ ਖਰਚ ਕਰਨ ਦੀ ਥਾਂ ਸਮੁੱਚੀ
ਮਨੁੱਖਤਾ ਦੇ ਭਲੇ ਲਈ ਦਰੱਖਤ ਲਾਉਣ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦਾ ਸੱਦਾ ਦਿੱਤਾ ਤਾਂ ਜੋ ਹਰੀ ਦੀਵਾਲੀ ਦਾ ਰੰਗ ਗੂੜਾ ਹੋ ਸਕੇ।
