ਇਨਸਾਫ ਨਾ ਮਿਲਣ ਕਾਰਨ ਵਿਧਵਾ ਮਨਪ੍ਰੀਤ ਕੌਰ ਤੇ ਉਸ ਦੀ ਜੇਠਾਣੀ ਵੱਲੋਂ ਮਾਣਯੋਗ ਹਾਈਕੋਰਟ ਜਾਣ ਦਾ ਫੈਸਲਾ

Monday, Sep 04, 2017 - 06:50 AM (IST)

ਝਬਾਲ,  (ਨਰਿੰਦਰ)-  ਪਿਛਲੇ ਦਿਨੀਂ ਥਾਣਾ ਝਬਾਲ ਦੇ ਸਾਹਮਣੇ ਸਿਰ 'ਚ ਬੇਸਬੈਟ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦਲਜੀਤ ਸਿੰਘ ਦੇ ਮਾਮਲੇ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ, ਜਦੋਂ ਕਤਲ ਹੋਏ ਨੌਜਵਾਨ ਦੀ ਵਿਧਵਾ ਮਨਪ੍ਰੀਤ ਕੌਰ ਅਤੇ ਉਸ ਦੀ ਭਰਜਾਈ ਗੁਰਵੰਤ ਕੌਰ ਵਿਧਵਾ ਸਵਰਨ ਸਿੰਘ ਨੇ ਆਪਣੇ ਵਕੀਲ ਜੇ. ਐੱਸ. ਢਿੱਲੋਂ (ਪ੍ਰਧਾਨ ਬਾਰ ਐਸੋਸੀਏਸ਼ਨ) ਦੀ ਹਾਜ਼ਰੀ 'ਚ ਐੱਫ. ਆਈ. ਆਰ. ਦੀਆਂ ਕਾਪੀਆਂ ਵਿਖਾਉਂਦਿਆਂ ਕਿਹਾ ਕਿ 19 ਅਗਸਤ ਨੂੰ ਸ਼ਾਮ ਉਨ੍ਹਾਂ ਦੇ ਘਰ ਕੁਝ ਨੌਜਵਾਨਾਂ ਦੇ ਦਾਖਲ ਹੋ ਕੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ, ਜਿਸ ਦੇ ਸਬੰਧ 'ਚ ਜਦੋਂ ਦਲਜੀਤ ਸਿੰਘ ਅਤੇ ਅਸੀਂ ਥਾਣੇ ਦਰਖਾਸਤ ਦੇ ਕੇ ਰਾਤ 9 ਵਜੇ ਬਾਹਰ ਨਿਕਲ ਰਹੇ ਸੀ ਕਿ ਬਾਹਰ ਥਾਣੇ ਦੇ ਇਕੱਠੇ ਹੋਏ ਦੋਸ਼ੀਆਂ ਨੇ ਹਮਸਲਾਹ ਹੋ ਕੇ ਮੇਰੇ ਪਤੀ 'ਤੇ ਹਮਲਾ ਕਰ ਕੇ ਉਸ ਦੇ ਸਿਰ 'ਚ ਬੇਸਬੈਟ ਮਾਰ ਦਿੱਤਾ ਸੀ, ਜਿਸ ਨਾਲ ਉਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਸੀ। ਝਬਾਲ ਪੁਲਸ ਨੇ ਮੇਰੀ ਜੇਠਾਣੀ ਗੁਰਵੰਤ ਕੌਰ ਦੇ ਬਿਆਨਾਂ 'ਤੇ 11 ਵਿਅਕਤੀਆਂ ਅਜੈਬੀਰ ਸਿੰਘ, ਜੈਬੀਰ ਸਿੰਘ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਸਰਤਾਜ, ਸਾਹਿਬ ਸਿੰਘ, ਇੰਦਰਜੀਤ ਸਿੰਘ, ਸਾਜਨ ਜੰਡੂ ਤੇ ਮਿੰਨੀ ਪੁੱਤਰ ਹੰਸਰਾਜ ਵਿਰੁੱਧ ਕੇਸ ਦਰਜ ਕਰ ਲਿਆ ਸੀ ਪਰ ਅਜੇ ਸਿਰਫ 5 ਵਿਅਕਤੀਆਂ ਨੂੰ ਹੀ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ ਹੈ, ਜਦਕਿ ਬਾਕੀ ਸਾਰੇ ਬਾਹਰ ਸ਼ਰੇਆਮ ਘੁੰਮ ਰਹੇ ਹਨ, ਜਿਨ੍ਹਾਂ ਕੋਲੋਂ ਸਾਨੂੰ ਅੱਜ ਵੀ ਖਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਬਾਕੀ ਦੋਸ਼ੀਆਂ ਨੂੰ ਹਿਰਾਸਤ 'ਚ ਨਾ ਲਿਆ ਤਾਂ ਅਸੀਂ ਜਿੱਥੇ ਥਾਣੇ ਅੱਗੇ ਧਰਨਾ ਲਾਵਾਂਗੇ, ਉਥੇ ਹੀ ਆਪਣੇ ਵਕੀਲ ਜੇ. ਐੱਸ. ਢਿੱਲੋਂ ਰਾਹੀਂ ਮਾਣਯੋਗ ਹਾਈਕੋਰਟ 'ਚ ਰਿੱਟ ਦਾਇਰ ਕਰ ਕੇ ਇਨਸਾਫ ਦੀ ਮੰਗ ਕਰਾਂਗੇ।
ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ : ਐਡਵੋਕੇਟ ਢਿੱਲੋਂ 
ਇਸ ਸਮੇਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੇ. ਐੱਸ. ਢਿੱਲੋਂ ਨੇ ਕਿਹਾ ਕਿ ਕਤਲ ਹੋਏ ਨੌਜਵਾਨ ਦਲਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਦਾਲਤ 'ਚ ਜਿੱਥੇ ਇਤਸਗਾਸਾ ਪਾਇਆ ਜਾ ਰਿਹਾ ਹੈ, ਉਥੇ ਹੀ ਮਾਣਯੋਗ ਹਾਰੀਕੋਰਟ 'ਚ ਰਿੱਟ ਦਾਇਰ ਕਰ ਕੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਹਰ ਤਰੀਕੇ ਨਾਲ ਪੀੜਤ ਪਰਿਵਾਰ ਨਾਲ ਖੜ੍ਹਾ ਹਾਂ ਤਾਂ ਕਿ ਉਨ੍ਹਾਂ ਨੂੰ ਇਨਸਾਫ ਮਿਲ ਸਕੇ।
ਐੱਸ. ਪੀ. ਡੀ. ਕੋਲੋਂ ਇਨਕੁਆਇਰੀ ਕਰਵਾਈ ਜਾ ਰਹੀ ਹੈ : ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਪੱਖ ਜਾਣਨ ਲਈ ਜ਼ਿਲੇ ਦੇ ਪੁਲਸ ਮੁਖੀ ਦਰਸ਼ਨ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ 'ਚ ਕੁਝ 9-10 ਸਾਲ ਦੇ ਨਾਬਾਲਗ ਬੱਚਿਆਂ ਦੇ ਸ਼ਾਮਲ ਕਰਨ ਕਰ ਕੇ ਇਸ ਕੇਸ ਦੀ ਇਨਕੁਆਇਰੀ ਐੱਸ. ਪੀ. ਡੀ. ਕੋਲੋਂ ਕਰਵਾਈ ਜਾ ਰਹੀ ਹੈ ਤਾਂ ਕਿ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋ ਸਕੇ, ਜਦਕਿ ਮੇਨ ਦੋਸ਼ੀਆਂ ਨੂੰ ਪਹਿਲਾਂ ਹੀ ਪੁਲਸ ਨੇ ਫੜ ਕੇ ਜੇਲ ਭੇਜ ਦਿੱਤਾ ਹੈ। ਜੇਕਰ ਹੋਰ ਕੋਈ ਦੋਸ਼ੀ ਸੱਚਮੁੱਚ ਸਾਹਮਣੇ ਆਇਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।


Related News