'ਮਨਪ੍ਰੀਤ ਬਾਦਲ ਨੂੰ ਕਾਰੋਬਾਰੀਆਂ ਨੇ ਖੂਬ ਸੁਣਾਈਆਂ ਖਰੀਆਂ-ਖੋਟੀਆਂ'
Monday, Nov 30, 2020 - 04:58 PM (IST)
ਜਲੰਧਰ (ਖੁਰਾਣਾ) : ਵਿਧਾਇਕ ਰਜਿੰਦਰ ਬੇਰੀ ਦੇ ਵਿਸ਼ੇਸ਼ ਸੱਦੇ 'ਤੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਦਯੋਗ ਅਤੇ ਵਪਾਰ ਜਗਤ ਦੀ ਅਗਵਾਈ ਰਵਿੰਦਰ ਧੀਰ, ਬਲਜੀਤ ਿਸੰਘ ਆਹਲੂਵਾਲੀਆ, ਬਲਰਾਮ ਕਪੂਰ, ਨਰੇਸ਼ ਤਿਵਾਰੀ ਆਦਿ ਹਾਜ਼ਰ ਸਨ। ਇਸ ਦੌਰਾਨ ਵਿਧਾਇਕ ਪ੍ਰਗਟ ਸਿੰਘ ਵੀ ਹਾਜ਼ਰ ਰਹੇ। ਮੀਟਿੰਗ ਦੇ ਸ਼ੁਰੂ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਦਯੋਗਪਤੀਆਂ ਅਤੇ ਵਪਾਰੀਆਂ ਦੇ ਖੂਬ ਤਾਅਨੇ-ਮਿਹਣੇ ਸੁਣਨ ਨੂੰ ਮਿਲੇ। ਉਕਤ ਪ੍ਰਤੀਨਿਧੀਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਵੋਟਾਂ ਮੰਗਣ ਸਮੇਂ ਖੁਦ ਮਨਪ੍ਰੀਤ ਸਿੰਘ ਬਾਦਲ ਨੇ ਕਾਰੋਬਾਰ ਜਗਤ ਨਾਲ ਕਈ ਵਾਅਦੇ ਕੀਤੇ ਸਨ ਅਤੇ ਸਾਫ਼ ਕਿਹਾ ਸੀ ਕਿ ਕਾਂਗਰਸ ਦੇ ਰਾਜ 'ਚ ਉਦਯੋਗ ਅਤੇ ਕਾਰੋਬਾਰ ਜਗਤ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪਰ 4 ਸਾਲਾਂ 'ਚ ਕਾਂਗਰਸ ਸਰਕਾਰ ਨੇ ਕਾਰੋਬਾਰ ਜਗਤ ਦੀ ਬਾਤ ਨਹੀਂ ਪੁੱਛੀ। ਮੁੱਖ ਮੰਤਰੀ, ਉਦਯੋਗ ਮੰਤਰੀ ਅਤੇ ਹੋਰਨਾਂ ਵੱਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਵੈਟ ਸਬੰਧੀ 'ਵਨ ਟਾਈਮ ਸੈਟਲਮੈਂਟ ਸਕੀਮ' ਨਹੀਂ ਲਿਆਂਦੀ ਜਾ ਰਹੀ। ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਕਾਰਣ ਆਵਾਜਾਈ ਦੇ ਸਾਧਨ ਬੰਦ ਪਏ ਹਨ। ਅਜਿਹੇ 'ਚ ਸਰਕਾਰ ਵੈਟ ਦੇ ਕੇਸਾਂ ਦੀ ਅਸੈੱਸਮੈਂਟ ਅਤੇ ਸੀ-ਫਾਰਮਾਂ ਦਾ ਦਬਾਅ ਬਣਾਈ ਜਾ ਰਹੀ ਹੈ, ਜਿਸ ਤੋਂ ਕਾਰੋਬਾਰੀ ਬਹੁਤ ਪ੍ਰੇਸ਼ਾਨ ਹਨ। ਇਸ ਦੌਰਾਨ ਜਿੱਥੇ ਉਦਯੋਗਪਤੀ ਸ਼ਾਂਤ ਗੁਪਤਾ ਨੇ ਗਰਾਊਂਡ ਵਾਟਰ ਅਥਾਰਿਟੀ ਦੇ ਨਵੇਂ ਨਿਯਮਾਂ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ, ਉੱਥੇ ਹੀ ਉਦਯੋਗਾਂ ਨੂੰ ਸਸਤੀ ਬਿਜਲੀ ਦੇਣ ਦੇ ਵਾਅਦੇ 'ਤੇ ਵੀ ਖੂਬ ਚਰਚਾ ਹੋਈ। ਉਕਤ ਪ੍ਰਤੀਨਿਧੀਆਂ ਨੇ ਕਿਹਾ ਕਿ ਸਰਕਾਰ ਨੇ ਡਬਲ ਟੈਰਿਫ ਅਤੇ ਫ਼ਿਕਸਡ ਚਾਰਜਿਜ਼ ਲਾ ਕੇ ਸਸਤੀ ਬਿਜਲੀ ਦੇਣ ਦੇ ਵਾਅਦਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।
ਇਹ ਵੀ ਪੜ੍ਹੋ : 551ਵੇਂ ਪ੍ਰਕਾਸ਼ ਪੁਰਬ ਮੌਕੇ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
ਜੀ. ਐੱਸ. ਟੀ. ਸ਼ੇਅਰ ਕਾਰਣ ਓ. ਟੀ. ਐੱਸ. 'ਚ ਆ ਰਹੀ ਦਿੱਕਤ
ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਸਪੱਸ਼ਟ ਸ਼ਬਦਾਂ 'ਚ ਦੱਸਿਆ ਕਿ ਵੈਟ ਕੇਸਾਂ ਸਬੰਧੀ 'ਵਨ ਟਾਈਮ ਸੈਟਲਮੈਂਟ ਸਕੀਮ' (ਓ. ਟੀ. ਐੱਸ.) ਲਿਆਉਣ 'ਚ ਇਸ ਲਈ ਦਿੱਕਤ ਆ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਜੀ. ਐੱਸ. ਟੀ. ਸ਼ੇਅਰ 'ਤੇ ਇਸ ਦਾ ਸਿੱਧਾ ਅਸਰ ਪਵੇਗਾ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਇਸ ਵੀਰਵਾਰ ਨੂੰ ਕਾਰੋਬਾਰੀ ਚੰਡੀਗੜ੍ਹ ਆ ਕੇ ਮੀਟਿੰਗ 'ਚ ਹਿੱਸਾ ਲੈਣ ਅਤੇ ਨਾਲ ਇਨ੍ਹਾਂ ਮਾਮਲਿਆਂ ਦਾ ਇਕ ਮਾਹਿਰ ਵੀ ਲੈ ਕੇ ਆਉਣ ਤਾਂ ਕਿ ਸਬੰਧਿਤ ਅਧਿਕਾਰੀਆਂ ਨੂੰ ਮੀਟਿੰਗ 'ਚ ਬੁਲਾ ਕੇ ਓ. ਟੀ. ਐੱਸ. ਸਕੀਮ ਲਿਆਉਣ ਬਾਰੇ ਖੁੱਲ੍ਹ ਕੇ ਚਰਚਾ ਹੋ ਸਕੇ। ਮੀਟਿੰਗ ਦੌਰਾਨ ਕਾਰੋਬਾਰੀਆਂ ਨੇ ਵਿਧਾਇਕ ਬੇਰੀ ਦੀਆਂ ਕੋਸ਼ਿਸ਼ਾਂ ਨੂੰ ਜਿੱਥੇ ਸਲਾਹਿਆ, ਉੱਥੇ ਹੀ ਕਾਂਗਰਸ ਸਰਕਾਰ ਦੇ ਉਦਯੋਗ ਜਗਤ ਪ੍ਰਤੀ ਉਦਾਸੀਨ ਰਵੱਈਏ 'ਤੇ ਉਹ ਕਾਫੀ ਨਾਰਾਜ਼ ਵੀ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਕੇਸ ਦੀ ਸੁਣਵਾਈ ਤੋਂ ਪਹਿਲਾਂ ਹੀ ਇਕਤਰਫ਼ਾ ਫੈਸਲਾ ਦਿੱਤਾ : ਜਾਖੜ