ਸ਼ਹੀਦ ਮਨਜਿੰਦਰ ਸਿੰਘ ਦੇ ਨਾਂ 'ਤੇ ਬਣੇਗਾ ਸਰਕਾਰੀ ਸਕੂਲ : ਮਨਪ੍ਰੀਤ ਬਾਦਲ

11/25/2017 10:59:03 AM


ਮਾਨਸਾ (ਮਨਜੀਤ, ਸੰਦੀਪ ਮਿੱਤਲ) - ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਦੱਖਣੀ ਕਸ਼ਮੀਰ ਦੇ ਕੁਲਗਾਮ ਤੇ ਤਰਾਲ ਜ਼ਿਲੇ ਦੇ ਦੇਵਸਰ ਇਲਾਕੇ 'ਚ ਫੌਜ ਦੇ ਆਪ੍ਰੇਸ਼ਨ (ਆਲ ਆਊਟ) ਵਿਚ ਫੌਜ ਅਤੇ ਅੱਤਵਾਦੀਆਂ 'ਚ ਹੋਈ ਭਾਰੀ ਗੋਲੀਬਾਰੀ ਦੌਰਾਨ 14 ਨਵੰਬਰ ਨੂੰ ਸ਼ਹੀਦ ਹੋਏ ਮਨਜਿੰਦਰ ਸਿੰਘ ਨਮਿੱਤ ਅੱਜ ਉਨ੍ਹਾਂ ਦੇ ਪਿੰਡ ਬਣਾਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਕ ਰਹੁ-ਰੀਤਾਂ ਨਾਲ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਬਣਾਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਮਨਜਿੰਦਰ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਨ੍ਹਾਂ ਤੋਂ ਇਲਾਵਾ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਡਿਪਟੀ ਕਮਿਸ਼ਨਰ ਮਾਨਸਾ ਧਰਮ ਪਾਲ ਗੁਪਤਾ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਡਾਇਰੈਕਟਰ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਹਜ਼ਾਰਾਂ ਨਮ ਅੱਖਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਮਨਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਣੀ ਜਾਨ ਦੇਣ ਵਾਲੇ ਕਦੇ ਮਰਦੇ ਨਹੀਂ ਬਲਕਿ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਫੌਜੀ ਸਿਰਫ ਪੈਸਿਆਂ ਲਈ ਨਹੀਂ ਬਲਕਿ ਆਪਣੇ ਦੇਸ਼ ਦੇ ਮਾਣ-ਸਨਮਾਨ ਨੂੰ ਬਣਾਈ ਰੱਖਣ ਲਈ ਆਪਣਾ ਤਨ-ਮਨ ਦੇਸ਼ ਨੂੰ ਸਮਰਪਿਤ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਮਨਜਿੰਦਰ ਸਿੰਘ ਦੇ ਨਾਂ 'ਤੇ ਗਰਲਜ਼ ਸਕੂਲ ਖੋਲ੍ਹਿਆ ਜਾਵੇਗਾ ਅਤੇ ਜਲਦੀ ਹੀ ਸਕੂਲ ਲਈ 25 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਸ਼ਹੀਦ ਦੇ ਇਕ ਪਰਿਵਾਰਕ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। 
ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਸੂਰਮਿਆਂ ਦੀ ਧਰਤੀ ਹੈ ਅਤੇ ਪੰਜਾਬ ਦੀ ਮਿੱਟੀ 'ਚ ਉਹ ਜਾਦੂ ਹੈ, ਜੋ ਕਿ ਇਸ ਮਿੱਟੀ ਤੋਂ ਪੈਦਾ ਹੋਣ ਵਾਲਾ ਅਨਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਅਜਿਹਾ ਹੀ ਇਕ ਸੂਰਮਾ ਮਨਜਿੰਦਰ ਸਿੰਘ ਸੀ। ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਸਮਾਜਕ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਆਏ ਹੋਏ ਹਨ ਤਾਂ ਸਾਰੇ ਰਲ ਕੇ ਇਸ ਸ਼ਹੀਦ ਦੇ ਖੂਨ ਦੇ ਕਤਰੇ ਦੀ ਸਹੁੰ ਖਾਈਏ ਕਿ ਭ੍ਰਿਸ਼ਟਾਚਾਰ ਅਤੇ ਹੋਰ ਸਮਾਜਕ ਬੁਰਾਈਆਂ ਖਿਲਾਫ਼ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਅਤੇ ਪੰਜਾਬ 'ਚੋਂ ਅਜਿਹੀਆਂ ਲਾਹਣਤਾਂ ਨੂੰ ਖ਼ਤਮ ਕਰ ਕੇ ਹੀ ਦਮ ਲਵਾਂਗੇ। ਇਸ ਮੌਕੇ ਵਿੱਤ ਮੰਤਰੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਐਕਸਗ੍ਰੇਸ਼ੀਆ ਦੀ ਰਾਸ਼ੀ ਸ਼ਹੀਦ ਦੇ ਪਿਤਾ ਗੁਰਮੇਲ ਸਿੰਘ ਅਤੇ ਮਾਤਾ ਕਰਮਜੀਤ ਕੌਰ ਨੂੰ 2.50-2.50 ਲੱਖ ਰੁਪਏ ਦੇ ਚੈੱਕ ਸੌਂਪੇ। ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਵੀ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਅਤੇ ਪਿੰਡ ਦੇ ਸਾਂਝੇ ਕੰਮਾਂ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਇਕ ਫੌਜੀ ਰਹੇ ਹਨ ਅਤੇ ਜਿੰਨਾ ਨੇੜਿਓਂ ਉਹ ਫੌਜੀਆਂ ਨੂੰ ਸਮਝ ਸਕਦੇ ਹਨ, ਓਨਾ ਕੋਈ ਹੋਰ ਨਹੀਂ ਸਮਝ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਦਾ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।ਇਸ ਮੌਕੇ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ, ਐੱਸ. ਡੀ. ਐੱਮ. ਲਤੀਫ ਅਹਿਮਦ, ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਜਤਿੰਦਰ ਅਰੋੜਾ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੀਆਂ ਹੋਈਆਂ ਸਨ।


Related News