ਪੰਜਾਬ ਵਾਸੀਆਂ ਨੂੰ ਨਵੇਂ ਵਰ੍ਹੇ 'ਚ ਮਿਲੇ 'ਪੰਜ ਤੋਹਫ਼ੇ', ਸੂਬੇ 'ਚ ਸ਼ੁਰੂ ਹੋਈਆਂ ਇਹ ਵੱਡੀਆਂ ਸਕੀਮਾਂ

Friday, Jan 08, 2021 - 11:51 AM (IST)

ਪੰਜਾਬ ਵਾਸੀਆਂ ਨੂੰ ਨਵੇਂ ਵਰ੍ਹੇ 'ਚ ਮਿਲੇ 'ਪੰਜ ਤੋਹਫ਼ੇ', ਸੂਬੇ 'ਚ ਸ਼ੁਰੂ ਹੋਈਆਂ ਇਹ ਵੱਡੀਆਂ ਸਕੀਮਾਂ

ਜਲੰਧਰ (ਚੋਪੜਾ) : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ ਹੈ। ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਹੀ ਸਰਕਾਰ ਨੇ ਲੋਕਾਂ ਨੂੰ 5 ਤੋਹਫ਼ੇ ਦਿੱਤੇ ਹਨ। ਸਰਕਾਰ ਵੱਲੋਂ ਸੂਬੇ 'ਚ 5 ਵੱਡੀਆਂ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਸ਼ਾਸਕੀ ਕੰਪਲੈਕਸ 'ਚ ਸੂਬਾ ਸਰਕਾਰ ਦੀਆਂ 5 ਮਹੱਤਵਪੂਰਨ ਸਕੀਮਾਂ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਵਾਸੀਆਂ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ।

ਇਹ ਵੀ ਪੜ੍ਹੋ : 'JEE ਐਡਵਾਂਸਡ ਪ੍ਰੀਖਿਆ' ਦੀ ਤਾਰੀਖ਼ ਦਾ ਐਲਾਨ, ਇਸ ਸਾਲ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਵਰਚੁਅਲ ਪ੍ਰੋਗਰਾਮ 'ਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਨ੍ਹਾਂ 5 ਸਕੀਮਾਂ ਜਿਨ੍ਹਾਂ 'ਚ ਝੁੱਗੀ-ਝੌਂਪੜੀ ਵਾਸੀਆਂ ਨੂੰ ਮਾਲਕਾਨਾ ਹੱਕ ਦੇਣ ਲਈ ਬਸੇਰਾ ਸਕੀਮ, ਸਮਾਰਟ ਮੀਟਰ, ਈ-ਦਾਖ਼ਲ, ਧੀਆਂ ਦੀ ਲੋਹੜੀ ਅਤੇ ਸਪੋਰਟਸ ਕਿੱਟਾਂ ਨੂੰ ਵੰਡਣਾ ਸ਼ਾਮਲ ਹੈ, ਦੀ ਸ਼ੁਰੂਆਤ ਕਰ ਕੇ ਇਤਿਹਾਸਕ ਕਦਮ ਚੁੱਕਿਆ ਹੈ। 

ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਵਾਰਡਾਂ ਦੀ ਹੱਦਬੰਦੀ ਬਾਰੇ 'ਪੰਜਾਬ ਸਰਕਾਰ' ਨੂੰ ਨੋਟਿਸ ਜਾਰੀ

ਬਸੇਰਾ ਸਕੀਮ

ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਸੇਰਾ ਸਕੀਮ ਰਾਹੀਂ ਪੰਜਾਬ ਨੂੰ ਝੁੱਗੀ-ਝੌਂਪੜੀਆਂ ਤੋਂ ਮੁਕਤ ਬਣਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ, ਜਿਸ ਤਹਿਤ ਇਕ ਲੱਖ ਤੋਂ ਜ਼ਿਆਦਾ ਝੁੱਗੀ-ਝੌਂਪੜੀ ਵਾਸੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਲੰਧਰ 'ਚ 8 ਝੁੱਗੀ-ਝੌਂਪੜੀ ਸਥਾਨਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚੋਂ 5 ਨਗਰ ਨਿਗਮ ਜਲੰਧਰ ਦੇ ਅਧਿਕਾਰ ਖੇਤਰ 'ਚ ਅਤੇ 3 ਕਰਤਾਰਪੁਰ, ਆਦਮਪੁਰ ਅਤੇ ਫਿਲੌਰ ਨਗਰ ਕੌਂਸਲਾਂ ਦੇ ਅਧਿਕਾਰ ਖੇਤਰਾਂ 'ਚ ਹਨ। ਉਨ੍ਹਾਂ ਨੇ ਫੀਲਡ 'ਚ ਪਹਿਲਾਂ ਤੋਂ ਸਰਵੇਖਣ ਟੀਮਾਂ ਨੂੰ ਝੁੱਗੀਆਂ ਬਾਰੇ ਮੋਬਾਇਲ ਐਪ ’ਤੇ ਸਹੀ ਡਾਟਾ ਅਪਲੋਡ ਕਰਨ ਲਈ ਕਿਹਾ ਅਤੇ ਇਹ ਪ੍ਰਕਿਰਿਆ 28 ਫਰਵਰੀ ਤੱਕ ਖ਼ਤਮ ਹੋ ਜਾਵੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਾਜਪਾ ਆਗੂਆਂ ਤੇ ਪੁਲਸ ਵਿਚਾਲੇ ਟਕਰਾਅ, ਦੇਖੋ ਮੌਕੇ ਦੀਆਂ ਤਸਵੀਰਾਂ

ਸਮਾਰਟ ਮੀਟਰ ਸਕੀਮ

ਮਨਪ੍ਰੀਤ ਬਾਦਲ ਨੇ ਦੱਸਿਆ ਕਿ 4ਜੀ ਤਕਨੀਕ ਆਧਾਰਿਤ ਸਮਾਰਟ ਮੀਟਰ ਨਾ ਸਿਰਫ ਬਿਜਲੀ ਖ਼ਪਤਕਾਰਾਂ ਨੂੰ ਪਾਰਦਰਸ਼ੀ ਮੀਟ੍ਰਿਕ, ਬਿਲਿੰਗ ਅਤੇ ਕੁਨੈਕਸ਼ਨ ਪ੍ਰਕਿਰਿਆ ਨੂੰ ਭਰੋਸੇਯੋਗ ਬਣਾਉਣਗੇ, ਸਗੋਂ ਬਿਜਲੀ ਚੋਰੀ ਨੂੰ ਵੀ ਘੱਟ ਕਰਨਗੇ। 

ਧੀਆਂ ਦੀ ਲੋਹੜੀ

'ਧੀਆਂ' ਦੀ ਲੋਹੜੀ ਸਕੀਮ ਦੀ ਸ਼ੁਰੂਆਤ ਦੌਰਾਨ ਉਨ੍ਹਾਂ ਕਿਹਾ ਕਿ ਲੋਹੜੀ ਵਰਗੇ ਰਵਾਇਤੀ ਤਿਉਹਾਰਾਂ ਨੂੰ ਇਸ ਰੂਪ 'ਚ ਮਨਾਉਣਾ ਸੂਬੇ 'ਚ ਲਿੰਗ ਅਨੁਪਾਤ ਨੂੰ ਹੋਰ ਬਿਹਤਰ ਬਣਾਉਣ 'ਚ ਮਹੱਤਵਪੂਰਨ ਸਿੱਧ ਹੋਵੇਗਾ।

ਸਪੋਰਟਸ ਕਿੱਟਾਂ ਵੰਡਣਾ

ਮਨਪ੍ਰੀਤ ਬਾਦਲ ਨੇ ਕਿਹਾ ਕਿ 2500 ਸਪੋਰਟਸ ਕਿੱਟਾਂ ਦੀ ਵੰਡ ਨਾਲ ਸੂਬੇ 'ਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਿੱਟਾਂ ਪੇਂਡੂ ਖੇਤਰਾਂ 'ਚ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ 'ਚ ਅਹਿਮ ਭੂਮਿਕਾ ਅਦਾ ਕਰਨਗੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਿ ਖੇਡਾਂ ਦੇ ਖੇਤਰ 'ਚ ਵੀ ਪੰਜਾਬ ਮੋਹਰੀ ਸੂਬਾ ਬਣ ਕੇ ਉੱਭਰੇ।

ਈ-ਦਾਖ਼ਲ ਪੋਰਟਲ

ਮਨਪ੍ਰੀਤ ਬਾਦਲ ਨੇ ਕਿਹਾ ਕਿ ਨਵੇਂ ਈ-ਦਾਖ਼ਲ ਪੋਰਟਲ ਨਾਲ ਖ਼ਪਤਕਾਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਇੱਕ ਅਜਿਹੀ ਸਮਰੱਥ ਪ੍ਰਣਾਲੀ ਦੀ ਮਦਦ ਮਿਲੇਗੀ, ਜੋ ਕਿ ਉਨ੍ਹਾਂ ਨੂੰ ਵਪਾਰੀਆਂ ਹੱਥੋਂ ਸ਼ੋਸ਼ਣ ਤੋਂ ਬਚਾਉਣ ਦੇ ਨਾਲ ਹੀ ਸਹਿਜ ਢੰਗ ਨਾਲ ਉਪਭੋਗਤਾ ਅਦਾਲਤਾਂ ਤੱਕ ਪਹੁੰਚ ਕਰਨ 'ਚ ਸਹਾਈ ਹੋਵੇਗੀ। 

ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਵਿਧਾਇਕ ਲਾਡੀ ਸ਼ੇਰੋਵਾਲੀਆ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ, ਮੇਅਰ ਜਗਦੀਸ਼ ਰਾਜ ਰਾਜਾ, ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ, ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ, ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਡੀ. ਐੱਫ. ਐੱਸ. ਸੀ. ਨਰਿੰਦਰ ਸਿੰਘ ਅਤੇ ਹੋਰ ਮੌਜੂਦ ਸਨ।
ਨੋਟ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਨਵੀਆਂ ਸਕੀਮਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News