ਪੰਜਾਬ ਨੂੰ 12 ਹਜ਼ਾਰ ਕਰੋੜ ''ਤੇ ਲੱਗਿਆ 18 ਹਜ਼ਾਰ ਕਰੋੜ ਵਿਆਜ, ਮਨਪ੍ਰੀਤ ਬਾਦਲ ਨਾਰਾਜ਼

Friday, Sep 06, 2019 - 10:46 AM (IST)

ਪੰਜਾਬ ਨੂੰ 12 ਹਜ਼ਾਰ ਕਰੋੜ ''ਤੇ ਲੱਗਿਆ 18 ਹਜ਼ਾਰ ਕਰੋੜ ਵਿਆਜ, ਮਨਪ੍ਰੀਤ ਬਾਦਲ ਨਾਰਾਜ਼

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਪੰਜਾਬ ਦੇ 31 ਹਜ਼ਾਰ ਕਰੋੜ ਰੁਪਏ ਦੇ ਫੂਡ ਅਕਾਊਂਟ 'ਤੇ ਕੇਂਦਰ ਵਲੋਂ ਜ਼ਿਆਦਾ ਵਿਆਜ਼ ਲੈਣ ਕਾਰਨ ਨਾਰਾਜ਼ ਹਨ। ਉਨ੍ਹਾਂ ਨੇ ਇਸ 'ਚ ਡੇਢ ਫੀਸਦੀ ਕਟੌਤੀ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਗੇ ਚੁੱਕਣਗੇ। ਮਨਪ੍ਰੀਤ ਨੇ ਇਕ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ 'ਚ ਅਨਾਜ ਭੰਡਾਰ ਨੂੰ ਭਰਨ ਲਈ ਪੰਜਾਬ ਜੋ ਕੈਸ਼ ਕ੍ਰੈਡਿਟ ਲਿਮਟ ਲੈਂਦਾ ਹੈ, ਉਸ ਦਾ ਕੇਂਦਰੀ ਏਜੰਸੀਆਂ ਨਾਲ ਖਾਤੇ ਦੇ ਮਿਲਾਨ ਦਾ ਸਾਲਾਂ ਤੋਂ ਝਗੜਾ ਚੱਲ ਰਿਹਾ ਹੈ।

ਕੇਂਦਰ ਸਰਕਾਰ ਨੇ 12,500 ਕਰੋੜ ਰੁਪਏ ਦੇ ਇਸ ਝਗੜੇ 'ਤੇ 18,500 ਕਰੋੜ ਦਾ ਵਿਆਜ ਲਾਇਆ ਹੋਇਆ ਹੈ ਅਤੇ ਹੁਣ ਇਸ ਨੂੰ ਲੌਂਗ ਲੋਨ 'ਚ ਬਦਲ ਕੇ ਇਸ 'ਤੇ 8.50 ਫੀਸਦੀ ਵਿਆਜ ਲੈਣ ਦੀਆਂ ਸ਼ਰਤਾਂ ਲਾ ਦਿੱਤੀਆਂ ਹਨ, ਜਦੋਂ ਕਿ ਸੂਬਾ ਸਰਕਾਰ ਆਪਣੀਆਂ ਲੋੜਾਂ ਲਈ ਜੋ ਬਾਂਡ ਜਾਰੀ ਕਰਦੀ ਹੈ, ਉਸ ਕਰਜ਼ੇ 'ਤੇ ਵਿਆਜ ਸਿਰਫ 7 ਫੀਸਦੀ ਹੈ। ਅਜਿਹੇ 'ਚ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਸਾਡੇ ਤੋਂ 1.5 ਫੀਸਦੀ ਜ਼ਿਆਦਾ ਵਿਆਜ ਉਸ ਕਰਜ਼ੇ 'ਤੇ ਕਿਉਂ ਲਿਆ ਜਾ ਰਿਹਾ ਹੈ, ਜਿਸ ਦੇ ਮੂਲ ਤੋਂ ਡੇਢ ਗੁਣਾ ਵਿਆਜ ਸਰਕਾਰ ਪਹਿਲਾਂ ਹੀ ਲੈ ਚੁੱਕੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਦੀ ਗੱਲ ਕੇਂਦਰ ਸਰਕਾਰ ਮੰਨ ਲੈਂਦੀ ਹੈ ਤਾਂ ਪੰਜਾਬ ਨੂੰ 45 ਕਰੋੜ ਸਲਾਨਾ ਦੀ ਬੱਚਤ ਹੋਵੇਗੀ।


author

Babita

Content Editor

Related News