ਮਨਪ੍ਰੀਤ ਬਾਦਲ ਨੇ ਡਾਕਟਰੀ ਅਮਲੇ, ਸਫਾਈ ਕਰਮਚਾਰੀਆਂ ਤੇ ਪੁਲਸ ਦਾ ਕੀਤਾ ਸ਼ੁਕਰਾਨਾ

Monday, Apr 06, 2020 - 11:10 PM (IST)

ਮਨਪ੍ਰੀਤ ਬਾਦਲ ਨੇ ਡਾਕਟਰੀ ਅਮਲੇ, ਸਫਾਈ ਕਰਮਚਾਰੀਆਂ ਤੇ ਪੁਲਸ ਦਾ ਕੀਤਾ ਸ਼ੁਕਰਾਨਾ

ਬਠਿੰਡਾ,(ਵਰਮਾ)-ਕੋਵਿਡ-19 ਬੀਮਾਰੀ ਨਾਲ ਲੜਾਈ ਲੜਕੇ ਮਨੁੱਖੀ ਸੱਭਿਅਤਾ ਦੀ ਰਾਖੀ ਲਈ ਕੰਮ ਕਰ ਰਹੇ ਡਾਕਟਰੀ ਅਮਲੇ, ਸਫਾਈ ਕਰਮਚਾਰੀਆਂ ਅਤੇ ਪੁਲਸ ਫੋਰਸ ਦੇ ਜਵਾਨਾਂ ਦਾ ਸ਼ੁਕਰਾਨਾ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਇੱਥੇ ਖੁਦ ਉਨ੍ਹਾਂ ਵਿਚਕਾਰ ਪੁੱਜੇ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਦੇਸ਼ 'ਚ ਆਪਣੀ ਕਿਸਮ ਦਾ ਪਹਿਲਾ ਗਾਰਡ ਆਫ ਆਨਰ ਹੋਵੇਗਾ, ਜਦੋਂ ਪੁਲਸ ਨੇ ਸਾਡੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਸਲਾਮੀ ਦੇ ਕੇ ਉਨ੍ਹਾਂ ਦਾ ਸਤਿਕਾਰ ਕੀਤਾ। ਇਸ ਮੌਕੇ ਡਾਕਟਰੀ ਅਮਲੇ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਗਾਰਡ ਆਫ ਆਨਰ ਬਹਾਦਰਾਂ 'ਚੋਂ ਬਹਾਦਰ ਅਤੇ ਖਾਸ ਰੁਤਬਾ ਰੱਖਦੀਆਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਅੱਜ ਬਠਿੰਡਾ 'ਚ ਸਾਡੇ ਡਾਕਟਰੀ ਸਟਾਫ ਵਲੋਂ ਕੋਰੋਨਾ ਖਿਲਾਫ ਲੜਾਈ 'ਚ ਵਿਖਾਈ ਜਾ ਰਹੀ ਬਹਾਦਰੀ ਅਤੇ ਹੌਸਲੇ ਲਈ ਉਨ੍ਹਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ 'ਚ ਡਾਕਟਰਾਂ ਦਾ ਧੰਨਵਾਦ ਕਰਨ ਦਾ ਇਹ ਤਰੀਕਾ ਦੁਹਰਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਡੇ ਇਨ੍ਹਾਂ ਯੋਧਿਆਂ ਦਾ ਸਨਮਾਨ ਕਰ ਸਕੀਏ।

ਵਿੱਤ ਮੰਤਰੀ ਨੇ ਕਿਹਾ ਕਿ ਉਹ ਸਮੂਹ ਪੰਜਾਬੀਆਂ ਵਲੋਂ ਡਾਕਟਰਾਂ, ਪੁਲਸ ਫੋਰਸ ਦੇ ਜਵਾਨਾਂ ਅਤੇ ਸਫਾਈ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਨ, ਜੋ ਪੂਰੀ ਨਿਸ਼ਠਾ ਨਾਲ ਕੋਰੋਨਾ ਨੂੰ ਹਰਾਉਣ ਲਈ ਅੱਗੇ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹ ਆਪਣੇ ਮੋਹਰਲੀਆਂ ਸਫਾਂ 'ਚ ਕੋਰੋਨਾ ਖਿਲਾਫ ਲੜ ਰਹੇ ਸਾਡੇ ਸਮੂਹ ਸਟਾਫ ਦੇ ਨਾਲ ਖੜ੍ਹੇ ਹਨ ਅਤੇ ਪੰਜਾਬ ਸਰਕਾਰ ਅਤੇ ਰਾਜ ਦੇ ਸਮੂਹ ਲੋਕ ਇਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਇਨ੍ਹਾਂ ਦਾ ਸ਼ੁਕਰਾਨਾ ਕਰਦੇ ਹਨ। ਇਸੇ ਤਰ੍ਹਾਂ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਫਾਈ ਕਰਮਚਾਰੀ ਦਿਨ ਰਾਤ ਮਿਹਨਤ ਕਰ ਰਹੇ ਹਨ ਤਾਂ ਜੋ ਸਾਡਾ ਮੁਲਕ ਅਤੇ ਸਾਡੀ ਜਨਤਾ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਮੁਕਤ ਰਹੇ ਅਤੇ ਇਸ ਬੀਮਾਰੀ ਦਾ ਫੈਲਾਅ ਨਾ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ, ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਕੇ. ਕੇ. ਅਗਰਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ, ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਅਸ਼ੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਅਨਿਲ ਭੋਲਾ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ।
 


author

Deepak Kumar

Content Editor

Related News