ਮਨਪ੍ਰੀਤ ਬਾਦਲ ਦਾ ਨੇੜਲਾ ਸਿੱਖ ਆਗੂ ਢੀਂਡਸਾ ਗਰੁੱਪ ''ਚ ਸ਼ਾਮਲ ਹੋਣ ਦੀ ਤਿਆਰੀ ''ਚ
Tuesday, Jul 21, 2020 - 09:37 PM (IST)
ਜਲੰਧਰ,(ਬੁਲੰਦ)– ਅਕਾਲੀ ਦਲ ਤੋਂ ਵੱਖ ਹੋਏ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰੰਘ ਢੀਂਡਸਾ ਆਪਣਾ ਵੱਖਰਾ ਸ਼੍ਰੋਮਣੀ ਅਕਾਲੀ ਦਲ ਬਣਾ ਚੁੱਕੇ ਹਨ। ਇਸ ਦੇ ਬਾਅਦ ਤੋਂ ਹੀ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪੰਜਾਬ ਵਿਚ ਆਪਣੇ ਪੈਰ ਪਸਾਰ ਰਹੇ ਹਨ। ਇਸੇ ਯੋਜਨਾ ਅਧੀਨ ਅਗਲੇ ਕੁਝ ਦਿਨਾਂ ਵਿਚ ਜਲੰਧਰ ਦੇ ਇਕ ਸਾਬਕਾ ਸੀਨੀਅਰ ਅਕਾਲੀ ਆਗੂ ਅਤੇ ਮਨਪ੍ਰੀਤ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਿੱਖ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਤਿਆਰੀ ਵਿਚ ਹਨ। ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਸਿੱਖ ਆਗੂ ਕਿਸੇ ਸਮੇਂ ਅਕਾਲੀ ਦਲ ਦੀ ਸੀਨੀਅਰ ਆਗੂ ਸਵ. ਕੈਪਟਨ ਕੰਵਲਜੀਤ ਸਿੰਘ ਦੇ ਬੇਹੱਦ ਨੇੜਲੇ ਸਾਥੀਆਂ ਵਿਚੋਂ ਇਕ ਸਨ ਤੇ ਉਨ੍ਹਾਂ ਨੂੰ ਕੈਪਟਨ ਕੰਵਲਜੀਤ ਸਿੰਘ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਕੈਪਟਨ ਕੰਵਲਜੀਤ ਸਿੰਘ ਨੇ ਉਕਤ ਆਗੂ ਨੂੰ ਇਕ ਸਰਕਾਰੀ ਵਿਭਾਗ ਵਿਚ ਵੱਡਾ ਅਹੁਦਾ ਵੀ ਦੇ ਰੱਖਿਆ ਸੀ। ਕੈਪਟਨ ਕੰਵਲਜੀਤ ਸਿੰਘ ਦੇ ਦਿਹਾਂਤ ਉਪਰੰਤ ਉਕਤ ਸਿੱਖ ਆਗੂ ਮਨਪ੍ਰੀਤ ਬਾਦਲ ਨਾਲ ਜੁੜ ਗਿਆ ਅਤੇ ਉਸ ਦੇ ਨੇੜਲਿਆਂ ਵਿਚ ਜਾਣ ਲੱਗਾ ਸੀ।
ਅੱਜ ਤੱਕ ਵੀ ਉਸ ਨੂੰ ਮਨਪ੍ਰੀਤ ਬਾਦਲ ਦਾ ਕਰੀਬੀ ਹੀ ਮੰਨਿਆ ਜਾਂਦਾ ਪਰ ਜਲਦ ਉਕਤ ਆਗੂ ਢੀਂਡਸਾ ਗਰੁੱਪ ਵਿਚ ਦਿਖਾਈ ਦੇਵੇਗਾ। ਸੂਤਰਾਂ ਦੀ ਮੰਨੀਏ ਤਾਂ ਅਗਲੇ ਕੁਝ ਦਿਨਾਂ ਵਿਚ ਢੀਂਡਸਾ ਵਲੋਂ ਆਪਣੇ ਜਲੰਧਰ ਦੌਰੇ ਦੌਰਾਨ ਉਕਤ ਸਿੱਖ ਆਗੂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਜਲੰਧਰ ਵਿਚ ਇਹ ਸਿੱਖ ਆਗੂ ਢੀਂਡਸਾ ਗਰੁੱਪ ਦੀ ਅਗਵਾਈ ਕਰਦਾ ਦਿਸੇਗਾ ਅਤੇ ਅਕਾਲੀ ਦਲ ਲਈ ਇਹ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ। ਉਂਝ ਵੀ ਅਕਾਲੀ ਦਲ ਲਈ ਉਸ ਦੇ ਵਿਰੋਧੀਆਂ ਨੇ ਲਗਾਤਾਰ ਸੰਕਟ ਖੜ੍ਹੇ ਕੀਤੇ ਹੋਏ ਹਨ ਅਤੇ ਜਿਸ ਤਰ੍ਹਾਂ ਦੀਆਂ ਸੂਚਨਾਵਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਅਨੁਸਾਰ ਅਗਲੇ ਕੁਝ ਮਹੀਨਿਆਂ ਵਿਚ ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾ ਸਕਦੀ ਹੈ। ਅਜਿਹੇ ਵਿਚ ਢੀਂਡਸਾ ਗਰੁੱਪ ਜਲੰਧਰ ਦੇ ਵੱਡੇ ਸਿੱਖ ਚਿਹਰਿਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਵਿਚ ਕਾਮਯਾਬ ਹੁੰਦਾ ਹੈ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਉਕਤ ਸਿੱਖ ਆਗੂ ਦਾ ਢੀਂਡਸਾ ਗਰੁੱਪ ਵਿਚ ਜਾਣਾ ਅਕਾਲੀ ਦਲ ਲਈ ਕਿਹੋ ਜਿਹੇ ਨਵੇਂ ਹਾਲਾਤ ਪੈਦਾ ਕਰਦਾ ਹੈ ਅਤੇ ਉਸ ਦਾ ਸਾਹਮਣਾ ਅਕਾਲੀ ਦਲ ਕਿਸ ਰਣਨੀਤੀ ਤਹਿਤ ਕਰਦਾ ਹੈ। ਦੂਜੇ ਪਾਸੇ ਉਕਤ ਸਿੱਖ ਆਗੂ ਦੇ ਨੇੜਲੇ ਸਾਥੀਆਂ ਦੀ ਮੰਨੀਏ ਤਾਂ ਉਹ ਆਗੂ ਜਿਥੇ ਅਕਾਲੀ ਦਲ ਬਾਦਲ ਨੂੰ ਟੱਕਰ ਦੇਣ ਦੀ ਤਿਆਰੀ ਵਿਚ ਹੈ, ਉਥੇ ਹੀ ਕਾਂਗਰਸ ਲਈ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਖੜ੍ਹੀਆਂ ਕਰੇਗਾ।